ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਛਤਰਾਸਲ ਸਟੇਡੀਅਮ ਕਤਲ ਕੇਸ ਵਿੱਚ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਬਚਾਅ ਪੱਖ ਤੇ ਵਕੀਲਾਂ ਦੀ ਜਿਰਹਾ ਸੁਣਨ ਤੋਂ ਬਾਅਦ ਐਡੀਸ਼ਨਲ ਸੈਸ਼ਨਜ਼ ਜੱਜ ਸ਼ਿਵਾਜੀ ਆਨੰਦ ਨੇ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੁਮਾਰ ਨੇ ਪੁਲੀਸ ਵੱਲੋਂ ਗ਼ਲਤ ਕੇਸ ਦਰਜ ਕੇ ਉਸ ਦਾ ਅਕਸ ਖ਼ਰਾਬ ਕਰਨ ਦਾ ਹਵਾਲਾ ਦੇ ਕੇ ਅਦਾਲਤ ਤੋਂ ਰਾਹਤ ਮੰਗੀ ਸੀ। 38 ਸਾਲਾਂ ਪਹਿਲਵਾਨ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਰਲ ਕੇ ਮਈ ਵਿੱਚ ਸਾਬਕਾ ਜੂਨੀਅਰ ਕੌਮੀ ਪਹਿਲਵਾਨ ਸਾਗਰ ਧਨਖੜ ਅਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਕੀਤੀ ਸੀ ਜੋ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਸੀ।