ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਮਈ
ਦਿੱਲੀ ਦੇ ਅਦਾਲਤ ਨੇ ‘ਖ਼ਾਨ ਚਾਚਾ’ ਸਣੇ ਹੋਰ ਰੇਸਤਰਾਂ ’’ਚੋਂ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਕਰਨ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕਾਰੋਬਾਰੀ ਨਵਨੀਤ ਕਾਲੜਾ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਧੀਕ ਸੈਸ਼ਨ ਜੱਜ ਸੰਦੀਪ ਗਰਗ ਨੇ ਕਿਹਾ, ‘ਅਰਜ਼ੀ ਖਾਰਜ ਕੀਤੀ ਜਾਂਦੀ ਹੈ।’ ਨਵਨੀਤ ਕਾਲੜਾ ਗ੍ਰਿਫ਼ਤਾਰੀ ਦੇ ਡਰੋਂ ਇਸ ਹਫ਼ਤੇ ਦੇ ਸ਼ੁਰੂ ’ਚ ਜ਼ਮਾਨਤ ਲੈਣ ਅਦਾਲਤ ਗਿਆ ਸੀ। ਦਿੱਲੀ ਪੁਲੀਸ ਵੱਲੋਂ ਉਸ ਦੀ ਮਾਲਕੀ ਵਾਲੇ 3 ਰੇਸਤਰਾਂ ਵਿੱਚੋਂ 524 ਕੰਸਨਟਰੇਟਰ ਬਰਾਮਦ ਕੀਤੇ ਹਨ, ਜੋ ਅੱਗੇ ਕਰੋਨਾ ਪੀੜਤਾਂ ਨੂੰ 70-70 ਹਜ਼ਾਰ ਵਿੱਚ ਵੇਚੇ ਜਾ ਰਹੇ ਸਨ। ਬੀਤੇ ਦਿਨ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਕਰ ਲਿਆ ਸੀ ਤੇ ਅੱਜ ਜ਼ਮਾਨਤ ਅਰਜ਼ੀ ਰੱਦ ਕਰਨ ਦਾ ਹੁਕਮ ਸੁਣਾ ਦਿੱਤਾ। ਸਰਕਾਰੀ ਵਕੀਲ ਅਤੁੱਲ ਸ੍ਰੀਵਾਸਤਵ ਨੇ ਅਰਜ਼ੀ ਦਾ ਵਿਰੋਧ ਕੀਤਾ ਸੀ ਤੇ ਕਿਹਾ ਕਿ ਕਾਲੜਾ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਜ਼ਰੂਰੀ ਹੈ। ਸਰਕਾਰੀ ਵਕੀਲ ਮੁਤਾਬਕ ਕਾਲੜਾ ਦਾ ਇਰਾਦਾ ਲੋਕਾਂ ਨੂੰ ਧੋਖਾ ਦੇਣਾ ਤੇ ਗ਼ਲਤ ਤਰੀਕੇ ਨਾਲ ਫਾਇਦਾ ਚੁੱਕਣਾ ਸੀ।