ਨਵੀਂ ਦਿੱਲੀ, 4 ਅਪਰੈਲ
ਇਥੋਂ ਦੀ ਇਕ ਅਦਾਲਤ ਨੇ ਦਿੱਲੀ ਪੁਲੀਸ ਨੂੰ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ, ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਅਤੇ ਤਤਕਾਲੀ ਸਪਾ ਨੇਤਾ ਅਮਰ ਸਿੰਘ ਦੀ ਫੋਨ ’ਤੇ ਹੋਈ ਕਥਿਤ ਗੱਲਬਾਤ ਵਾਲੀ ਆਡੀਓ ਸੀਡੀ ਨਾਲ ਜੁੜੇ 2011 ਦੇ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕੇਸ ਨੂੰ ਬੰਦ ਕਰਨ ਦੀ ਪੁਲੀਸ ਦੀ ਅਰਜ਼ੀ ਖਾਰਜ ਕਰਦਿਆਂ 28 ਜਨਵਰੀ ਨੂੰ ਇਹ ਹੁਕਮ ਦਿੱਤਾ ਸੀ। ਇਹ ਮਾਮਲਾ 15 ਅਪਰੈਲ 2011 ਨੂੰ ਭੂਸ਼ਣ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਸੀਡੀ ਨਾਲ ਛੇੜਛਾਡ ਕੀਤੀ ਗਈ ਜਾਪਦੀ ਹੈ ਅਤੇ ਇਸ ਵਿਚਲੀ ਸਮੱਗਰੀ ਅਪਮਾਨਜਨਕ ਹੈ। -ਏਜੰਸੀ