ਨਵੀਂ ਦਿੱਲੀ, 23 ਦਸੰਬਰ
ਦਿੱਲੀ ਦੀ ਇੱਕ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਮੁੱਢਲੀ ਜਾਂਚ ’ਚ ਕਥਿਤ ਤੌਰ ’ਤੇ ਕਲੀਨ ਚਿੱਟ ਦੇਣ ਵਾਲੀ ਰਿਪੋਰਟ ਲੀਕ ਹੋਣ ’ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਨ ਦਾ ਏਜੰਸੀ ਨੂੰ ਨਿਰਦੇਸ਼ ਦਿੱਤਾ ਹੈ।
ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ’ਚ ਸੀਬੀਆਈ ਦੇ ਦੋਸ਼ ਪੱਤਰ ’ਚ ਬੇਸ਼ੱਕ ਉਨ੍ਹਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਪਰ ਉਹ ਵੱਡੀ ਸਾਜ਼ਿਸ਼ ਨੂੰ ਕੰਟਰੋਲ ਕਰਨ ਵਾਲੇ ਹੋ ਸਕਦੇ ਹਨ ਕਿਉਂਕਿ ਮੁੱਢਲੀ ਜਾਂਚ ਦੀ ਸਮੱਗਰੀ ਲੀਕ ਹੋਣ ਨਾਲ ਸਭ ਤੋਂ ਵੱਧ ਲਾਭ ਉਨ੍ਹਾਂ ਨੂੰ ਹੀ ਹੁੰਦਾ। ਅਦਾਲਤ ਬੀਤੇ ਦਿਨ ਸੀਬੀਆਈ ਦੇ ਸਬ-ਇੰਸਪੈਕਟਰ ਅਭਿਸ਼ੇਕ ਤਿਵਾੜੀ, ਦੇਸ਼ਮੁਖ ਦੇ ਵਕੀਲ ਆਨੰਦ ਡਾਗਾ ਤੇ ਨੇਤਾ ਦੇ ਸੋਸ਼ਲ ਮੀਡੀਆ ਪ੍ਰਬੰਧਕ ਵੈਭਵ ਗਜੇਂਦਰ ਤੁਮਾਨੇ ਖ਼ਿਲਾਫ਼ ਦਾਖਲ ਉਸ ਦੋਸ਼ ਪੱਤਰ ਦਾ ਨੋਟਿਸ ਲੈ ਰਹੀ ਸੀ ਜਿਸ ’ਚ ਉਨ੍ਹਾਂ ’ਤੇ ਬੰਬੇ ਹਾਈ ਕੋਰਟ ਵੱਲੋਂ ਸਾਬਕਾ ਮੰਤਰੀ ਖ਼ਿਲਾਫ਼ ਕਰਵਾਈ ਗਈ ਜਾਂਚ ਨੂੰ ਕਥਿਤ ਤੌਰ ’ਤੇ ਉਲਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ। ਜੱਜ ਨੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਦੋਸ਼ੀ ਵਿਅਕਤੀ ਮਤਲਬ ਡਾਗਾ ਤੇ ਤੁਮਾਨੇ, ਅਨਿਲ ਦੇਸ਼ਮੁਖ ਨਾਲ ਨੇੜਿਓਂ ਜੁੜੇ ਹੋਏ ਸਨ ਅਤੇ ਹੋ ਸਕਦਾ ਹੈ ਕਿ ਉਹ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹੋਣ।’ -ਪੀਟੀਆਈ