ਮੁੰਬਈ: ਇੱਥੇ ਇਕ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਵਾਰੰਟ (ਪ੍ਰੋਸੈੱਸ) ਜਾਰੀ ਕੀਤਾ ਹੈ ਕਿਉਂਕਿ ਉਹ ਕਈ ਵਾਰ ਸੰਮਨ ਭੇਜਣ ਦੇ ਬਾਵਜੂਦ ਈਡੀ ਅੱਗੇ ਪੇਸ਼ ਨਹੀਂ ਹੋਏ। ਇਹ ਮਾਮਲਾ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਦੇਸ਼ਮੁਖ ਨੂੰ ਵਾਰੰਟ ਵਧੀਕ ਮੁੱਖ ਮੈਟਰੋਪੌਲਿਟਨ ਮੈਜਿਸਟ੍ਰੇਟ ਨੇ ਆਈਪੀਸੀ ਦੀ ਧਾਰਾ 174 ਤਹਿਤ ਜਾਰੀ ਕੀਤਾ ਹੈ। ਅਦਾਲਤ ਨੇ ਅੱਜ ਦੇਸ਼ਮੁਖ ਵਿਰੁੱਧ ਈਡੀ ਦੀ ਪਟੀਸ਼ਨ ਉਤੇ ਸੁਣਵਾਈ ਕੀਤੀ। ਅਦਾਲਤ ਨੇ ਕਿਹਾ ਕਿ ਈਡੀ ਦੇ ਸੰਮਨ ਮੁਲਜ਼ਮ, ਉਸ ਦੀ ਧੀ ਜਾਂ ਵਕੀਲ ਵੱਲੋਂ ਸਵੀਕਾਰ ਕੀਤੇ ਜਾਣ ਦੇ ਮੱਦੇਨਜ਼ਰ ਪਹਿਲੀ ਨਜ਼ਰੇ ਉਨ੍ਹਾਂ ਖ਼ਿਲਾਫ਼ ਕੇਸ ਬਣਦਾ ਹੈ। ਈਡੀ ਨੇ ਪਿਛਲੇ ਹਫ਼ਤੇ ਮਹਾਨਗਰ ਦੀ ਅਦਾਲਤ ਵਿਚ ਇਕ ਅਰਜ਼ੀ ਦਾਖਲ ਕਰ ਕੇ ਦੇਸ਼ਮੁਖ ਵਿਰੁੱਧ ਕਾਰਵਾਈ ਦੀ ਬੇਨਤੀ ਕੀਤੀ ਸੀ। -ਪੀਟੀਆਈ