ਨਵੀਂ ਦਿੱਲੀ, 20 ਸਤੰਬਰ
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਕੁਤੁਬ ਮੀਨਾਰ ਨਾਲ ਸਬੰਧਤ ਕੇਸ ਵਿੱਚ ਦਖਲ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਸੀ ਕਿ ਕੁਤੁਬ ਮੀਨਾਰ ਅੰਦਰ ਇੱਕ ਕਥਿਤ ਮੰਦਰ ਕੰਪਲੈਕਸ ’ਚ ਹਿੰਦੂ ਤੇ ਜੈਨ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਮੁੜ ਸਥਾਪਤ ਕਰਨ ਦੀ ਅਪੀਲ ਨਾਲ ਸਬੰਧਤ ਪਟੀਸ਼ਨ ’ਚ ਪਟੀਸ਼ਨਰ ਇੱਕ ‘ਜ਼ਰੂਰੀ ਧਿਰ’ ਹੈ। ਅਦਾਲਤ ਨੇ 13 ਸਤੰਬਰ ਨੂੰ ਕੁੰਵਰ ਮਹੇਂਦਰ ਧਵਜ ਪ੍ਰਤਾਪ ਸਿੰਘ ਦੀ ਦਖਲ ਪਟੀਸ਼ਨ ’ਤੇ ਹੁਕਮ ਰਾਖਵਾਂ ਰੱਖਿਆ ਸੀ। ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਉਹ ‘ਸਾਂਝੇ ਆਗਰਾ ਸੂਬੇ’ ਦੇ ਤਤਕਾਲੀ ਸ਼ਾਸਕ ਦਾ ਗੱਦੀਨਸ਼ੀਨ ਹਨ ਅਤੇ ਉਹ ਦਿੱਲੀ ਤੇ ਇਸ ਦੇ ਨੇੜਲੇ ਕਈ ਸ਼ਹਿਰਾਂ ’ਚ ਜ਼ਮੀਨਾਂ ਦੇ ਮਾਲਕ ਹਨ ਜਿਨ੍ਹਾਂ ’ਚ ਕੁਤੁਬ ਮੀਨਾਰ ਵੀ ਸ਼ਾਮਲ ਹੈ। ਵਧੀਕ ਜ਼ਿਲ੍ਹਾ ਜੱਜ ਦਿਨੇਸ਼ ਕੁਮਾਰ ਨੇ ਅਪੀਲ ਖਾਰਜ ਕਰਦਿਆਂ ਅਪੀਲ ’ਤੇ ਦਲੀਲਾਂ ਦੀ ਸੁਣਵਾਈ ਲਈ ਕੇਸ 19 ਅਕਤੂਬਰ ਲਈ ਸੂਚੀਬੱਧ ਕਰ ਲਿਆ ਹੈ। -ਪੀਟੀਆਈ