ਨਵੀਂ ਦਿੱਲੀ, 11 ਜੁਲਾਈ
ਮੁੱਖ ਅੰਸ਼
- ਸੁਪਰੀਮ ਕੋਰਟ ਨੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ
- ਚਾਰ ਕਰੋੜ ਡਾਲਰ ਦੀ ਰਕਮ 8 ਫ਼ੀਸਦੀ ਵਿਆਜ ਨਾਲ ਚਾਰ ਹਫ਼ਤਿਆਂ ’ਚ ਮੋੜਨ ਦੇ ਦਿੱਤੇ ਹੁਕਮ
ਸੁਪਰੀਮ ਕੋਰਟ ਨੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਅਦਾਲਤ ਦੀ ਮਾਣਹਾਨੀ ਦੇ ਕੇਸ ’ਚ ਚਾਰ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਮਾਲਿਆ ਨੂੰ 2 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਬੈਂਚ ਨੇ ਕਿਹਾ ਕਿ ਕਾਨੂੰਨ ਦਾ ਸ਼ਾਸਨ ਬਣਾਈ ਰੱਖਣ ਲਈ ਮਾਣਹਾਨੀ ਕਰਨ ਵਾਲੇ ਨੂੰ ਢੁੱਕਵੀਂ ਸਜ਼ਾ ਦੇਣੀ ਜ਼ਰੂਰੀ ਹੈ। ਮਾਲਿਆ ’ਤੇ ਬੈਂਕਾਂ ਨਾਲ 9 ਹਜ਼ਾਰ ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਹੈ ਅਤੇ ਉਹ ਇਸ ਸਮੇਂ ਇੰਗਲੈਂਡ ’ਚ ਹੈ। ਉਸਨੂੰ ਭਾਰਤ ਹਵਾਲੇ ਕਰਨ ਸਬੰਧੀ ਕੇਸ ਚੱਲ ਰਿਹਾ ਹੈ ਅਤੇ ਉਹ 18 ਅਪਰੈਲ, 2017 ਤੋਂ ਜ਼ਮਾਨਤ ’ਤੇ ਹੈ। ਬੈਂਚ ਨੇ ਕਿਹਾ,‘‘ਰਿਕਾਰਡ ’ਚ ਦਰਜ ਤੱਥਾਂ ਅਤੇ ਹਾਲਾਤ ’ਤੇ ਵਿਚਾਰ ਕਰਨ ਤੋਂ ਪਤਾ ਚਲਦਾ ਹੈ ਕਿ ਮਾਣਹਾਨੀ ਕਰਨ ਵਾਲੇ ਨੂੰ ਆਪਣੇ ਕੀਤੇ ’ਤੇ ਨਾ ਕੋਈ ਪਛਤਾਵਾ ਹੈ ਅਤੇ ਨਾ ਹੀ ਉਸ ਨੇ ਆਪਣੇ ਰਵੱਈਏ ਲਈ ਕੋਈ ਮੁਆਫ਼ੀ ਮੰਗੀ ਹੈ। ਅਸੀਂ ਉਸ ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਉਂਦੇ ਹਾਂ ਅਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਕਰਦੇ ਹਾਂ।’’ ਸੁਪਰੀਮ ਕੋਰਟ ਨੇ ਮਾਲਿਆ ਵੱਲੋਂ ਮਈ 2017 ਦੇ ਫ਼ੈਸਲੇ ’ਤੇ ਨਜ਼ਰਸਾਨੀ ਕਰਨ ਦੀ ਮੰਗ ਵਾਲੀ ਅਰਜ਼ੀ 2020 ’ਚ ਖਾਰਜ ਕਰ ਦਿੱਤੀ ਸੀ। ਮਾਲਿਆ ’ਤੇ ਆਪਣੇ ਬੱਚਿਆਂ ਨੂੰ ਚਾਰ ਕਰੋੜ ਡਾਲਰ ਭੇਜਣ ਲਈ ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਹੈ। ਬੈਂਚ ਨੇ ਅੱਜ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਮਾਣਹਾਨੀ ਕਰਨ ਅਤੇ ਰਕਮ ਹਾਸਲ ਕਰਨ ਵਾਲੇ 8 ਫ਼ੀਸਦੀ ਵਿਆਜ ਸਹਿਤ ਪੂਰੀ ਰਕਮ ਚਾਰ ਹਫ਼ਤਿਆਂ ਦੇ ਅੰਦਰ ਸਬੰਧਤ ਰਿਕਵਰੀ ਅਫ਼ਸਰ ਕੋਲ ਜਮ੍ਹਾਂ ਕਰਾਉਣ। ‘ਜੇਕਰ ਉਹ ਰਕਮ ਜਮ੍ਹਾਂ ਕਰਾਉਣ ’ਚ ਨਾਕਾਮ ਰਹਿੰਦੇ ਹਨ ਤਾਂ ਰਿਕਵਰੀ ਅਫ਼ਸਰ ਢੁੱਕਵੀਂ ਕਾਰਵਾਈ ਕਰ ਸਕਦਾ ਹੈ ਅਤੇ ਭਾਰਤ ਸਰਕਾਰ ਤੇ ਸਬੰਧਤ ਏਜੰਸੀਆ ਇਸ ’ਚ ਪੂਰਾ ਸਹਿਯੋਗ ਦੇਣ।’ ਬੈਂਚ ਨੇ ਕਿਹਾ ਕਿ ਮਾਲਿਆ ’ਤੇ ਲਾਇਆ ਗਿਆ 2 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਚਾਰ ਹਫ਼ਤਿਆਂ ਦੇ ਅੰਦਰ ਸੁਪਰੀਮ ਕੋਰਟ ਦੀ ਰਜਿਸਟਰੀ ’ਚ ਜਮ੍ਹਾਂ ਕਰਵਾਇਆ ਜਾਵੇ ਅਤੇ ਮਗਰੋਂ ਇਹ ਰਕਮ ਸੁਪਰੀਮ ਕੋਰਟ ਲੀਗਲ ਸਰਵਿਸਿਜ਼ ਕਮੇਟੀ ਹਵਾਲੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਤੈਅ ਸਮੇਂ ’ਚ ਜੁਰਮਾਨੇ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਮਾਲਿਆ ਦੀ ਸਜ਼ਾ ਦੋ ਮਹੀਨੇ ਹੋਰ ਵਧਾ ਦਿੱਤੀ ਜਾਵੇਗੀ। -ਪੀਟੀਆਈ