ਨਵੀਂ ਦਿੱਲੀ, 30 ਨਵੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਸ ਨੇ ਕਾਫੀ ਲੰਬੇ ਸਮੇਂ ਤੱਕ ਇੰਤਜ਼ਾਰ ਕੀਤਾ ਹੈ ਅਤੇ ਹੁਣ ਉਹ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਮਾਮਲੇ ਵਿਚ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਹੈ। ਅਦਾਲਤ ਨੇ ਕਿਹਾ ਕਿ ਮਾਮਲੇ ਵਿਚ ਸਜ਼ਾ ਦੇ ਪਹਿਲੂ ’ਤੇ ਆਖ਼ਰੀ ਸੁਣਵਾਈ ਅਗਲੇ ਸਾਲ 18 ਜਨਵਰੀ ਨੂੰ ਕੀਤੀ ਜਾਵੇਗੀ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਮਾਲਿਆ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਮਾਮਲੇ ਵਿਚ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਮਾਲਿਆ ਆਪਣੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਨਾਲ ਸਬੰਧਤ 9,000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ੇ ਦੇ ਘੁਟਾਲੇ ਦੇ ਮਾਮਲੇ ਵਿਚ ਲੋੜੀਂਦਾ ਹੈ। ਜਸਟਿਸ ਯੂ.ਯੂ. ਲਲਿਤ, ਜਸਟਿਸ ਐੱਸ.ਆਰ. ਭੱਟ ਅਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਮਾਲਿਆ ਜੋ ਇਸ ਵੇਲੇ ਬਰਤਾਨੀਆ ਵਿੱਚ ਹੈ, ਨੂੰ 2017 ਵਿਚ ਅਦਾਲਤੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਦਿੱਤੀ ਜਾਣ ਵਾਲੀ ਸਜ਼ਾ ’ਤੇ ਉਸ ਦਾ ਪੱਖ ਸੁਣਨ ਲਈ ਮਾਮਲੇ ਨੂੰ ਸੂਚੀਬੱਧ ਕੀਤਾ ਜਾਣਾ ਸੀ। ਬੈਂਚ ਨੇ ਕਿਹਾ ਕਿ ਸਿਖ਼ਰਲੀ ਅਦਾਲਤ ਨੇ ਕਾਫੀ ਲੰਬਾ ਇੰਤਜ਼ਾਰ ਕੀਤਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਵਿਜੈ ਮਾਲਿਆ (65) ਦੀ ਨਜ਼ਰਸਾਨੀ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਵਿਚ ਉਸ ਨੇ ਅਦਾਲਤ ਦੇ 9 ਮਈ 2017 ਦੇ ਫ਼ੈਸਲੇ ’ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਇਸ ਮਾਮਲੇ ਵਿਚ ਅਦਾਲਤ ਨੇ ਉਸ ਨੂੰ ਅਦਾਲਤੀ ਹੁਕਮਾਂ ਦੀ ਹੱਤਕ ਕਰ ਕੇ ਆਪਣੇ ਬੱਚਿਆਂ ਨੂੰ ਚਾਰ ਕਰੋੜ ਅਮਰੀਕੀ ਡਾਲਰ ਟਰਾਂਸਫਰ ਕਰਦਿਆਂ ਅਦਾਲਤੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਉਸ ਦੇ ਸਾਹਮਣੇ ਪੇਸ਼ ਇਕ ਆਫ਼ਿਸ ਮੈਮੋਰੰਡਮ ਅਨੁਸਾਰ ਬਰਤਾਨੀਆ ਵਿਚ ਹਵਾਲਗੀ ਦੀ ਕਾਰਵਾਈ ਆਖ਼ਰੀ ਗੇੜ ਵਿਚ ਹੈ ਅਤੇ ਇਸ ਵਿਚ ਮਾਲਿਆ ਲਈ ਅਪੀਲ ਦੇ ਸਾਰੇ ਮੌਕੇ ਖ਼ਤਮ ਹੋ ਚੁੱਕੇ ਹਨ। ਬੈਂਚ ਨੇ ਸੁਣਵਾਈ ਦੌਰਾਨ ਕਿਹਾ, ‘‘ਅਸੀਂ ਕਰਨਾ ਇਹ ਚਾਹੁੰਦੇ ਹਾਂ, ਅਸੀਂ ਇਸ ਮਾਮਲੇ ਨੂੰ ਨਿਪਟਾਰੇ ਲਈ ਜਨਵਰੀ ਦੇ ਦੂਜੇ ਹਫ਼ਤੇ ਵਿਚ ਸੂਚੀਬੱਧ ਕਰਾਂਗੇ ਕਿਉਂਕਿ ਅਸੀਂ ਕਾਫੀ ਲੰਬਾ ਇੰਤਜ਼ਾਰ ਕੀਤਾ ਹੈ, ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਇਸ ਮਾਮਲੇ ਦਾ ਕਿਸੇ ਨਾ ਕਿਸੇ ਪੜਾਅ ’ਤੇ ਨਿਪਟਾਰਾ ਹੋਣਾ ਹੈ ਅਤੇ ਪ੍ਰਕਿਰਿਆ ਸਮਾਪਤ ਹੋਣੀ ਚਾਹੀਦੀ ਹੈ।’’ ਬੈਂਚ ਨੇ ਕਿਹਾ ਕਿ ਮਾਲਿਆ ਨੂੰ ਦਲੀਲਾਂ ਪੇਸ਼ ਕਰਨ ਦੀ ਆਜ਼ਾਦੀ ਹੈ ਅਤੇ ਜੇਕਰ ਕਿਸੇ ਕਾਰਨ ਤੋਂ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦਾ ਹੈ ਤਾਂ ਵਕੀਲ ਉਸ ਵੱਲੋਂ ਦਲੀਲਾਂ ਪੇਸ਼ ਕਰ ਸਕਦੇ ਹਨ। ਬੈਂਚ ਨੇ ਕਿਹਾ, ‘‘ਮਾਮਲੇ ’ਤੇ ਅੰਤਿਮ ਸੁਣਵਾਈ 18 ਜਨਵਰੀ 2022 ਨੂੰ ਕੀਤੀ ਜਾਵੇਗੀ।’’ -ਪੀਟੀਆਈ