ਮੁੰਬਈ, 7 ਫਰਵਰੀ
ਇਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1997 ਵਿੱਚ ਪੱਤਰਕਾਰ ਦੀ ਹੱਤਿਆ ਦੀ ਕੋਸ਼ਿਸ਼ ਲਈ ਜੇਲ੍ਹ ਵਿੱਚ ਬੰਦ ਗੈਂਗਸਟਰ ਛੋਟਾ ਰਾਜਨ ਖ਼ਿਲਾਫ਼ ਦਰਜ ਕੇਸ ਨੂੰ ਬੰਦ ਕਰਨ ਲਈ ਜਾਂਚ ਏਜੰਸੀ ਦੀ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਵਿਸ਼ੇਸ਼ ਜੱਜ ਏਟੀ ਵਨਖੇੜੇ ਨੇ ਰਾਜਨ ਖ਼ਿਲਾਫ਼ ਕੇਸ ਦੀ ਪੈਰਵੀ ਕਰਨ ਲਈ ਲੋੜੀਂਦੀ ਸਮੱਗਰੀ ਦੀ ਘਾਟ ਕਾਰਨ ਉਸ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ। ਰਾਜਨ ਵੱਖ-ਵੱਖ ਅਪਰਾਧਿਕ ਮਾਮਲਿਆਂ ਦੇ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। 2 ਜੂਨ 1997 ਨੂੰ ਮੁੰਬਈ ਦੇ ਕ੍ਰਾਈਮ ਰਿਪੋਰਟਰ ਬਲਜੀਤ ਸ਼ੇਰ ਸਿੰਘ ਪਰਮਾਰ ਇਥੋਂ ਦੇ ਐਂਟੋਪ ਹਿੱਲ ਖੇਤਰ ਵਿੱਚ ਇਮਾਰਤ ਦੇ ਬਾਹਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਇਲਜ਼ਾਮ ਲਗਾਇਆ ਜਾਂਦਾ ਹੈ ਕਿ ਬਦਮਾਸ਼ ਛੋਟਾ ਰਾਜਨ ਗੈਂਗ ਦੇ ਸਨ।