ਮੁੰਬਈ, 7 ਫਰਵਰੀ
ਮੁੰਬਈ ਵਿੱਚ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਛੋਟਾ ਰਾਜਨ ਖ਼ਿਲਾਫ਼ 1997 ਵਿੱਚ ਇੱਕ ਪੱਤਰਕਾਰ ਦੀ ਹੱਤਿਆ ਦੀ ਕੋਸ਼ਿਸ਼ ਸਬੰਧੀ ਦਰਜ ਕੇਸ ਨੂੰ ਬੰਦ ਕਰਨ ਲਈ ਜਾਂਚ ਏਜੰਸੀ ਦੀ ਕਲੋਜ਼ਰ ਰਿਪੋਰਟ ਮਨਜ਼ੂਰ ਕਰ ਲਈ ਹੈ। ਵਿਸ਼ੇਸ਼ ਜੱਜ ਏਟੀ ਵਾਨਖੇੜੇ ਨੇ ਰਾਜਨ ਖ਼ਿਲਾਫ਼ ਖ਼ਿਲਾਫ਼ ਮਾਮਲੇ ਨੂੰ ਅੱਗੇ ਵਧਾਉਣ ਲਈ ਲੋੜੀਂਦੀ ਸਮੱਗਰੀ ਦੀ ਘਾਟ ਦੇ ਮੱਦੇਨਜ਼ਰ ਉਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਸ਼ਨਿਚਰਵਾਰ ਨੂੰ ਇਹ ਫ਼ੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ 12 ਜੂਨ 1997 ਨੂੰ ਮੁੰਬਈ ਵਿੱਚ ਰਹਿਣ ਵਾਲਾ ਕ੍ਰਾਈਮ ਰਿਪੋਰਟਰ ਬਲਜੀਤ ਸ਼ੇਰ ਸਿੰਘ ਪਰਮਾਰ ਇੱਥੇ ਐਂਟੌਪ ਹਿੱਲ ਇਲਾਕੇ ਵਿੱਚ ਇੱਕ ਇਮਾਰਤ ਦੇ ਬਾਹਰ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਦੋਸ਼ ਹੈ ਕਿ ਇਹ ਹਮਲਾਵਰ ਛੋਟਾ ਰਾਜਨ ਨਾਲ ਸਬੰਧਤ ਸਨ। ਸ਼ੁਰੂ ਵਿੱਚ ਸ਼ਹਿਰ ਦੀ ਪੁਲੀਸ ਨੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ। ਮਗਰੋਂ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਸੀਬੀਆਈ ਨੇ ਹਾਲ ਹੀ ਵਿੱਚ ਇਸ ਆਧਾਰ ’ਤੇ ਇਸ ਮਾਮਲੇ ਨੂੰ ਬੰਦ ਕਰਨ ਸਬੰਧੀ ਰਿਪੋਰਟ ਦਾਖ਼ਲ ਕੀਤੀ ਸੀ ਕਿ ਜਾਂਚ ਦੌਰਾਨ ਮੁਲਜ਼ਮ ਖ਼ਿਲਾਫ਼ ਕੋਈ ਹੋਰ ਸਬੂਤ ਨਹੀਂ ਮਿਲਿਆ। -ਪੀਟੀਆਈ