ਨਵੀਂ ਦਿੱਲੀ, 9 ਮਈ
‘ਸੈਂਟਰਲ ਵਿਸਟਾ’ ਪ੍ਰਾਜੈਕਟ ਦਾ ਨਿਰਮਾਣ ਕਾਰਜ ਜਾਰੀ ਰੱਖਣ ’ਤੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸੇਧਿਆ। ਰਾਹੁਲ ਨੇ ਕਿਹਾ ਕਿ ਦੇਸ਼ ਨੂੰ ਸਾਹਾਂ ਦੀ ਲੋੜ ਹੈ ਨਾ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ। ਜ਼ਿਕਰਯੋਗ ਹੈ ਕਿ ‘ਸੈਂਟਰਲ ਵਿਸਟਾ’ ਪ੍ਰਾਜੈਕਟ ਤਹਿਤ ਨਵੀਂ ਸੰਸਦੀ ਇਮਾਰਤ, ਸਾਂਝਾ ਕੇਂਦਰੀ ਸਕੱਤਰੇਤ, ਪ੍ਰਧਾਨ ਮੰਤਰੀ ਲਈ ਨਵੀਂ ਰਿਹਾਇਸ਼ ਉਸਾਰੀ ਜਾ ਰਹੀ ਹੈ। ਸਰਕਾਰ ਨੇ ਇਸ ਪ੍ਰਾਜੈਕਟ ਦੇ ਉਸਾਰੀ ਕਾਰਜ ਨੂੰ ‘ਜ਼ਰੂਰੀ ਸੇਵਾਵਾਂ’ ਵਿਚ ਸ਼ਾਮਲ ਕਰ ਲਿਆ ਹੈ। ਰਾਹੁਲ ਨੇ ਇਸ ਬਾਰੇ ਇਕ ਟਵੀਟ ਕਰਦਿਆਂ ਆਕਸੀਜਨ ਸਿਲੰਡਰ ਭਰਵਾਉਣ ਲਈ ਕਤਾਰਾਂ ਬੰਨ੍ਹ ਕੇ ਖੜ੍ਹੇ ਲੋਕਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ ਤੇ ਨਾਲ ਹੀ ਪ੍ਰਾਜੈਕਟ ਦੀ ਤਸਵੀਰ ਵੀ ਪੋਸਟ ਕੀਤੀ ਹੈ। ਕਰੋਨਾ ਮਹਾਮਾਰੀ ਕਾਰਨ ਕਈ ਰਾਜਾਂ ਵਿਚ ਮੈਡੀਕਲ ਆਕਸੀਜਨ ਦੀ ਵੱਡੀ ਕਮੀ ਹੈ। ਗਾਂਧੀ ਨੇ ਕਿਹਾ ਕਿ ਕਾਂਗਰਸ ਕੇਂਦਰ ਸਰਕਾਰ ਨੂੰ ਇਹ ਪ੍ਰਾਜੈਕਟ ਰੋਕਣ ਲਈ ਲਗਾਤਾਰ ਕਹਿ ਰਹੀ ਹੈ ਤਾਂ ਕਿ ਦੇਸ਼ ਦਾ ਮੈਡੀਕਲ ਢਾਂਚਾ ਸੁਧਾਰਨ ਨੂੰ ਤਰਜੀਹ ਦਿੱਤੀ ਜਾ ਸਕੇ। ਇਸ ਨਾਲ ਲੋਕਾਂ ਦੀਆਂ ਜਾਨਾਂ ਬਚਣਗੀਆਂ। ਇਕ ਵੱਖਰੇ ਟਵੀਟ ਵਿਚ ਰਾਹੁਲ ਨੇ ਕਿਹਾ ਕਿ ਕਰੋਨਾ ਦਿਹਾਤੀ ਇਲਾਕਿਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। -ਪੀਟੀਆਈ
ਸੰਕਟ ਨਾਲ ਨਜਿੱਠਣ ਲਈ ਸਾਰੇ ਦਲਾਂ ਦੀ ਬੈਠਕ ਸੱਦਣ ਮੋਦੀ: ਖੜਗੇ
ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਸਮੂਹਿਕ ਰੂਪ ਵਿਚ ਇਕ ਯੋਜਨਾ ਤਿਆਰ ਕਰਨ ਲਈ ਤੁਰੰਤ ਸਾਰੀਆਂ ਸਿਆਸੀ ਧਿਰਾਂ ਦੀ ਬੈਠਕ ਬੁਲਾਉਣ। ਖੜਗੇ ਨੇ ਮੋਦੀ ਨੂੰ ਲਿਖੇ ਪੱਤਰ ਵਿਚ ਦੋਸ਼ ਲਾਇਆ ਕਿ ਅਜਿਹਾ ਜਾਪਦਾ ਹੈ ਕਿ ਕੇਂਦਰ ਸਰਕਾਰ ਨੇ ਲੋਕਾਂ ਪ੍ਰਤੀ ਆਪਣੇ ਫ਼ਰਜ਼ ਤੋਂ ਮੂੰਹ ਮੋੜ ਲਿਆ ਹੈ। ਉਨ੍ਹਾਂ ਸੰਕਟ ਨਾਲ ਨਜਿੱਠਣ ਲਈ ਛੇ ਸੁਝਾਅ ਵੀ ਭੇਜੇ ਹਨ ਤੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਇਸ ਸੰਕਟ ਨਾਲ ਇਕੱਲਿਆਂ ਨਹੀਂ ਨਜਿੱਠ ਸਕਦਾ।