ਨਵੀਂ ਦਿੱਲੀ, 3 ਅਕਤੂਬਰ
ਆਲਮੀ ਬੈਂਕ ਨੇ ਆਪਣੇ ਇਕ ਨਵੇਂ ਨੀਤੀ ਐਲਾਨ ਵਿੱਚ ਕਿਹਾ ਹੈ ਕਿ ਮੁਲਕਾਂ ਨੂੰ ਮੁੜ ਤੋਂ ਸਕੂਲ ਖੋਲ੍ਹਣ ਤੋਂ ਪਹਿਲਾਂ ਕੋਵਿਡ-19 ਟੀਕਾਕਰਨ ਦੇ ਵਿਆਪਕ ਪਾਸਾਰ ਦੀ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ।
ਆਲਮੀ ਬੈਂਕ ਮੁਤਾਬਕ ਸੰਕੇਤਾਂ/ਲੱਛਣਾਂ ਤੋਂ ਸਾਫ਼ ਹੈ ਕਿ ਬੱਚਿਆਂ ਨੂੰ ਕੋਵਿਡ-19 ਦੀ ਲਾਗ ਚਿੰਬੜਨ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਵੱਖ-ਵੱਖ ਮੁਲਕਾਂ ਵਿੱਚ ਵੈਕਸੀਨ ਵਿਕਸਤ ਕੀਤੇ ਜਾਣ ਤੋਂ ਪਹਿਲਾਂ ਸਕੂਲ ਮੁੜ ਖੋਲ੍ਹਣ ਦੇ ‘ਸੁਰੱਖਿਅਤ’ ਤਜਰਬੇ ਤੋਂ ਵੀ ਇਹੀ ਸੰਕੇਤ ਮਿਲਿਆ ਹੈ ਕਿ ਆਫਲਾਈਨ ਸਕੂਲਿੰਗ ਵੱਲ ਪਰਤਣ ਤੋਂ ਪਹਿਲਾਂ ਵਿਆਪਕ ਟੀਕਾਕਰਨ ਲਈ ਸਿੱਖਿਆ ਪ੍ਰਣਾਲੀ ਨੂੰ ਹੋਰ ਉਡੀਕ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਆਲਮੀ ਬੈਂਕ ਦੀ ਸਿੱਖਿਆ ਟੀਮ ਨੇ ਆਪਣੇ ਨਵੇਂ ਨੀਤੀ ਐਲਾਨ ਲਈ ਵੱਖ ਵੱਖ ਮੁਲਕਾਂ ਦੇ ਤਜਰਬਿਆਂ ਨੂੰ ਆਧਾਰ ਬਣਾਇਆ ਹੈ। ਇਨ੍ਹਾਂ ਮੁਲਕਾਂ ਵਿੱਚ ਮੁੜ ਸਕੂਲ ਖੋਲ੍ਹਣ ਮਗਰੋਂ ਸਾਹਮਣੇ ਆਇਆ ਹੈ ਕਿ ਲੋੜੀਂਦੀ ਰਣਨੀਤੀ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ, ਸਟਾਫ਼ ਤੇ ਭਾਈਚਾਰਿਆਂ ਵਿੱਚ ਰੋਗ ਦੇ ਫੈਲਾਅ ਦਾ ਬਹੁਤ ਘੱਟ ਜੋਖ਼ਮ ਰਹੇਗਾ। ਟੀਮ ਨੇ ਇਹ ਗੱਲ ਵੀ ਆਖੀ ਕਿ ਮਹਾਮਾਰੀ ਨੂੰ ਦਸਤਕ ਦਿੱਤਿਆਂ ਇਕ ਸਾਲ ਹੋ ਚੁੱਕਾ ਹੈ ਤੇ ਅਸੀਂ ਵਾਇਰਸ ਤੇ ਰੋਗ ਬਾਰੇ ਬਹੁਤ ਕੁਝ ਜਾਣ ਚੁੱਕੇ ਹਾਂ। ‘ਸਾਨੂੰ ਪਤਾ ਹੈ ਕਿ ਇਸ ਦੇ ਫੈਲਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।’ ਡਬਲਿਊਐੱਚਓ ਜਿਹੀਆਂ ਸਿਹਤ ਸੰਸਥਾਵਾਂ ਨੇ ਵੀ ਸਿਫਾਰਸ਼ ਕੀਤੀ ਹੈ ਕਿ ਸਕੂਲਾਂ ਨੂੰ ਸਿਰਫ਼ ‘ਆਖਰੀ ਉਪਾਅ’ ਵਜੋਂ ਹੀ ਬੰਦ ਕੀਤਾ ਜਾਵੇ। –ਪੀਟੀਆਈ