ਨਵੀਂ ਦਿੱਲੀ, 12 ਅਗਸਤ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟਾਂ ਨੂੰ ਲੈ ਕੇ ਵਿਦੇਸ਼ ਯਾਤਰਾ ਲਈ ਕੁਝ ਖਾਸ ਵੈਕਸੀਨਾਂ ਨੂੰ ਪ੍ਰਵਾਨਗੀ ਦੇਣ ਦੇ ਮਾਮਲੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੁਲਕਾਂ ਦਰਮਿਆਨ ਇਕ ਸਮਝ ਵਿਕਸਤ ਕਰਨ ਦੀ ਲੋੜ ਹੈ। ਜੈਸ਼ੰਕਰ ਨੇ ਹਾਲਾਂਕਿ ਇਹ ਗੱਲ ਵੀ ਮੰਨੀ ਕਿ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਕੁਝ ਮੁਲਕ ਇਸ ਗੱਲ ਲਈ ਦਬਾਅ ਪਾਉਣਗੇ ਕਿ ਉਨ੍ਹਾਂ ਦੀਆਂ ਵੈਕਸੀਨਾਂ (ਵਧੇਰੇ ਅਸਰਦਾਰ ਹੋਣ ਕਰਕੇ) ਲਾਜ਼ਮੀ ਹਨ। ਵਿਦੇਸ਼ ਮੰਤਰੀ ਨੇ ਆਸ ਜਤਾਈ ਕਿ ਆਲਮੀ ਸਿਹਤ ਸੰਸਥਾ ਸਤੰਬਰ ਤੱਕ ਭਾਰਤ ਬਾਇਓਟੈੱਕ ਵੱਲੋਂ ਤਿਆਰ ‘ਕੋਵੈਕਸੀਨ’ ਨੂੰ ਹਰੀ ਝੰਡੀ ਦੇ ਦੇਵੇਗੀ। ਸੀਆਈਆਈ ਦੀ ਸਾਲਾਨਾ ਮੀਟਿੰਗ ਦੇ ਮੁਕੰਮਲ ਇਜਲਾਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕੁੱਲ ਆਲਮ ਖਾਸ ਕਰਕੇ ਆਕਸੀਜਨ ਦੀ ਸਪਲਾਈ ਤੇ ਦਵਾਈਆਂ ਲਈ ਭਾਰਤ ਨਾਲ ਖੜ੍ਹਾ ਰਿਹਾ। ਕਿਉਂਕਿ ਭਾਰਤ ਨੇ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਹੋਰਨਾਂ ਮੁਲਕਾਂ ਦੀ ਮਦਦ ਕੀਤੀ ਸੀ। ਵਿਦੇਸ਼ ਯਾਤਰਾ ਦੌਰਾਨ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹਵਾਲੇ ਨਾਲ ਗਲੋਬਲ ਵੈਕਸੀਨ ਪਾਸਪੋਰਟ ਦੀ ਲੋੜ ਬਾਰੇ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਕਿਹਾ ਕਿ ਯਾਤਰਾ ਵਿੱਚ ਰੁਕਾਵਟ ਅਫ਼ਵਾਹਾਂ ਹਨ ਤੇ ਇਹ ਤੱਥ ਅਧਾਰਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਕਾਬੁਲ ਸਥਿਤ ਅੰਬੈਸੀ ਤੁਰੰਤ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ। -ਪੀਟੀਆਈ
ਡੈਲਟਾ ਖ਼ਿਲਾਫ਼ ਮੌਡਰਨਾ 76 ਫ਼ੀਸਦ ਅਤੇ ਫਾਈਜ਼ਰ 42 ਫ਼ੀਸਦ ਅਸਰਦਾਰ
ਲੰਡਨ: ਦਵਾਈਆਂ ਬਣਾਉਣ ਵਾਲੀਆਂ ਅਮਰੀਕੀ ਕੰਪਨੀਆਂ ਫਾਈਜ਼ਰ ਅਤੇ ਮੌਡਰਨਾ ਕਰੋਨਾ ਦੀ ਡੈਲਟਾ ਕਿਸਮ ’ਤੇ ਇੰਨੀਆਂ ਅਸਰਦਾਰ ਦਿਖਾਈ ਨਹੀਂ ਦਿੱਤੀਆਂ ਜਿੰਨੀਆਂ ਕਿ ਵਾਇਰਸ ਦੇ ਮੁੱਢਲੇ ਸਰੂਪ ’ਤੇ ਕਾਰਗਰ ਮਿਲੀਆਂ ਸਨ। ਇਹ ਖ਼ੁਲਾਸਾ ਨਵੇਂ ਅਧਿਐਨ ’ਚ ਹੋਇਆ ਹੈ। ਅਮਰੀਕਾ ਦੇ ਮਿਨੀਸੋਟਾ ਸਥਿਤ ਮੇਯੋ ਕਲੀਨਿਕ ਦੇ ਖੋਜੀਆਂ ਨੇ ਪਾਇਆ ਕਿ ਫਾਈਜ਼ਰ-ਬਾਇਓਐੱਨਟੈੱਕ ਵੈਕਸੀਨ ਡੈਲਟਾ ਕਿਸਮ ’ਤੇ ਸਿਰਫ਼ 42 ਫ਼ੀਸਦ ਅਸਰਦਾਰ ਹੈ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਮੌਡਰਨਾ ਵੈਕਸੀਨ ਡੈਲਟਾ ’ਤੇ ਸਿਰਫ਼ 76 ਫ਼ੀਸਦ ਅਸਰਦਾਰ ਮਿਲੀ ਹੈ। ਮਿਨੀਸੋਟਾ ’ਚ ਜਨਵਰੀ ਤੋਂ ਜੁਲਾਈ ਦਰਮਿਆਨ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਅੰਕੜੇ ਇਕੱਠੇ ਕੀਤੇ ਗਏ ਸਨ। ਜਨਵਰੀ ਤੋਂ ਜੂਨ ਦਰਮਿਆਨ ਵੈਕਸੀਨ ਕਰੀਬ 90 ਫ਼ੀਸਦ ਅਸਰਦਾਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਅਮਰੀਕਾ ’ਚ ਡੈਲਟਾ ਦੇ ਹਾਵੀ ਹੋਣ ਮਗਰੋਂ ਜੁਲਾਈ ’ਚ ਇਸ ਦਾ ਅਸਰ ਬਿਲਕੁਲ ਹੀ ਘੱਟ ਗਿਆ ਸੀ। ਖੋਜੀਆਂ ਮੁਤਾਬਕ ਵੈਕਸੀਨ ਅਜੇ ਵੀ ਲੋਕਾਂ ਨੂੰ ਹਸਪਤਾਲ ’ਚ ਦਾਖ਼ਲੇ ਤੋਂ ਬਚਾਉਂਦੀ ਹੈ। ਪਿਛਲੇ ਮਹੀਨੇ ਫਾਈਜ਼ਰ ਵੱਲੋਂ ਪ੍ਰਕਾਸ਼ਿਤ ਅੰਕੜੇ ’ਚ ਦਰਸਾਇਆ ਗਿਆ ਸੀ ਕਿ ਵੈਕਸੀਨ ਦਾ ਅਸਰ ਛੇ ਮਹੀਨਿਆਂ ਮਗਰੋਂ 86 ਫ਼ੀਸਦ ਤੋਂ ਹੇਠਾਂ ਡਿੱਗ ਗਿਆ ਸੀ। ਉਂਜ ਬੂਸਟਰ ਡੋਜ਼ ਛੇਤੀ ਲਾਂਚ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਇਮਿਊਨਿਟੀ ਵਧਾਉਣ ’ਚ ਵਧੇਰੇ ਸਹਾਇਤਾ ਮਿਲ ਸਕਦੀ ਹੈ ਅਤੇ ਕਈ ਕਿਸਮਾਂ ਖ਼ਿਲਾਫ਼ ਵੀ ਇਹ ਅਸਰਦਾਰ ਸਾਬਿਤ ਹੋ ਸਕਦੀ ਹੈ। -ਆਈਏਐਨਐਸ