ਮੁੰਬਈ: ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਦਾ ਰਿਮਾਂਡ 8 ਅਗਸਤ ਤੱਕ ਵਧਾ ਦਿੱਤਾ ਹੈ। ਹਿਰਾਸਤ ’ਚ ਵਾਧਾ ਕਰਦਿਆਂ ਅਦਾਲਤ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਜਾਂਚ ਦੌਰਾਨ ਕਾਫੀ ਜਾਣਕਾਰੀ ਮਿਲੀ ਹੈ। ਪਾਤਰਾ ਚਾਲ ਦੇ ਪੁਨਰਵਿਕਾਸ ਨਾਲ ਸਬੰਧਤ ਵਿੱਤੀ ਬੇਨਿਯਮੀਆਂ ਦੇ ਦੋਸ਼ ਹੇਠ ਰਾਊਤ ਨੂੰ ਐਤਵਾਰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਅਦਾਲਤ ਨੇ ਉਸ ਨੂੰ 4 ਅਗਸਤ ਤੱਕ ਲਈ ਈਡੀ ਦੀ ਹਿਰਾਸਤ ’ਚ ਭੇਜਿਆ ਸੀ। ਇਸ ਦੌਰਾਨ ਰਾਊਤ ਨੇ ਸ਼ਿਕਾਇਤ ਕੀਤੀ ਿਕ ਉਸ ਨੂੰ ਈਡੀ ਨੇ ਉਨ੍ਹਾਂ ਨੂੰ ਅਜਿਹੇ ਕਮਰੇ ’ਚ ਰੱਖਿਆ ਜਿਸ ’ਚ ਨਾ ਕੋਈ ਬਾਰੀ ਸੀ ਅਤੇ ਨਾ ਹੀ ਹਵਾ ਦੇ ਆਉਣ-ਜਾਣ ਦਾ ਕੋਈ ਪ੍ਰਬੰਧ ਸੀ। ਈਡੀ ਨੇ ਕਿਹਾ ਕਿ ਉਸ ਨੂੰ ਏਸੀ ਕਮਰੇ ’ਚ ਰੱਖਿਆ ਗਿਆ ਹੈ ਅਤੇ ਹਵਾ ਦਾ ਧਿਆਨ ਰੱਖਿਆ ਜਾਵੇਗਾ।
ਈਡੀ ਵੱਲੋਂ ਰਾਊਤ ਦੀ ਪਤਨੀ ਤਲਬ
ਮੁੰਬਈ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਪਤਨੀ ਵਰਸ਼ਾ ਰਾਊਤ ਨੂੰ ਵੀ ਪਾਤਰਾ ਚਾਲ ਦੇ ਪੁਨਰਵਿਕਾਸ ’ਚ ਹੋਈਆਂ ਵਿੱਤੀ ਬੇਨਿਯਮੀਆਂ ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਸੰਮਨ ਭੇਜੇ ਹਨ। ਕੇਂਦਰੀ ਏਜੰਸੀ ਨੇ ਵਰਸ਼ਾ ਨੂੰ ਇਸ ਹਫ਼ਤੇ ਬਲਾਰਡ ਅਸਟੇਟ ਸਥਿਤ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਵਰਸ਼ਾ ਰਾਊਤ ਨੂੰ ਪਤੀ ਸੰਜੈ ਅਤੇ ਕੇਸ ਨਾਲ ਸਬੰਧਤ ਹੋਰ ਕੁਝ ਮੁਲਜ਼ਮਾਂ ਦੇ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛ-ਪੜਤਾਲ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਸੰਜੈ ਰਾਊਤ ਅਤੇ ਉਸ ਦੇ ਪਰਿਵਾਰ ਨੇ ਪ੍ਰਾਜੈਕਟ ’ਚ ਕਥਿਤ ਬੇਨਿਯਮੀਆਂ ਕਰਕੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਹਾਸਲ ਕੀਤੀ ਹੈ। -ਪੀਟੀਆਈ