ਮੁੰਬਈ, 9 ਅਪਰੈਲ
ਸੀਬੀਆਈ ਨੇ ਦੇਸ਼ਮੁਖ ਭ੍ਰਿਸ਼ਟਾਚਾਰ ਕੇਸ ਵਿੱਚ ਅੱਜ ਲਗਾਤਾਰ ਤੀਜੇ ਦਿਨ ਵਿਵਾਦਿਤ ਤੇ ਮੁਅੱਤਲਸ਼ੁਦਾ ਸਹਾਇਕ ਪੁਲੀਸ ਇੰਸਪੈਕਟਰ ਸਚਿਨ ਵਜ਼ੇ ਤੋਂ ਪੁੱਛਗਿੱਛ ਕਰ ਕੇ ਉਸ ਦੇ ਬਿਆਨ ਦਰਜ ਕੀਤੇ। ਚੇਤੇ ਰਹੇ ਕਿ ਮੁੰਬਈ ਦੇ ਸਾਬਕਾ ਪੁਲੀਸ ਮੁਖੀ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ, ਜਿਸ ਦੀ ਸੀਬੀਆਈ ਵੱਲੋਂ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਵਿਸ਼ੇਸ਼ ਐੱਨਆਈਏ ਅਦਾਲਤ ਨੇ ਵਜ਼ੇ ਨੂੰ 23 ਅਪਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਜ਼ੇ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਉਦੋਂ ਤੋਂ ਐੱਨਆਈਏ ਦੀ ਹਿਰਾਸਤ ਵਿੱਚ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਅੱਜ ਸਵੇਰੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਦਫ਼ਤਰ ਜਾ ਕੇ ਵਜ਼ੇ ਦੇ ਬਿਆਨ ਕਲਮਬੰਦ ਕੀਤੇ। ਮੁਅੱਤਲਸ਼ੁਦਾ ਪੁਲੀਸ ਅਧਿਕਾਰੀ ਸਨਅਤਕਾਰ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਸਕਾਰਪੀਓ ਵਿੱਚ ਧਮਾਕਾਖੇਜ਼ ਸਮੱਗਰੀ ਮਿਲਣ ਅਤੇ ਠਾਣੇ ਦੇ ਕਾਰੋਬਾਰੀ ਮਨਸੁਖ ਹੀਰੇਨ ਦੇ ਕਥਿਤ ਕਤਲ ਮਾਮਲੇ ਵਿੱਚ ਐੱਨਆਈਏ ਦੀ ਹਿਰਾਸਤ ਵਿੱਚ ਹੈ। ਸੀਬੀਆਈ ਨੇ ਵਿਸ਼ੇਸ਼ ਐੱਨਆਈਏ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਵਜ਼ੇ ਤੋਂ ਪੁੱਛ-ਪੜਤਾਲ ਕੀਤੀ। ਇਸ ਤੋਂ ਪਹਿਲਾਂ ਸੀਬੀਆਈ ਟੀਮ ਨੇ ਵੀਰਵਾਰ ਰਾਤ ਨੂੰ ਡੀਸੀਪੀ (ਐੱਨਫੋਰਸਮੈਂਟ) ਰਾਜੂ ਭੁਜਬਲ ਦੇ ਵੀ ਬਿਆਨ ਦਰਜ ਕੀਤੇ ਸਨ। ਦੱਸਣਾ ਬਣਦਾ ਹੈ ਕਿ ਮੁੰਬਈ ਦੇ ਸਾਬਕਾ ਪੁਲੀਸ ਮੁਖੀ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੇ ਪੱਤਰ ’ਚ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਮੌਕੇ ਭੁਜਬਲ, ਏਸੀਪੀ ਸੰਜੈ ਪਾਟਿਲ ਤੇ ਵਜ਼ੇ ਦਾ ਨਾਮ ਲਿਆ ਸੀ। -ਪੀਟੀਆਈ