ਰਾਂਚੀ, 22 ਅਗਸਤ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਜੇਐੱਮਐੱਮ ਦੇ ਪ੍ਰਧਾਨ ਸ਼ਬਿੂ ਸੋਰੇਨ ਅਤੇ ਉਨ੍ਹਾਂ ਦੀ ਪਤਨੀ ਰੂਪੀ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਸੱਤ ਹੋਰ ਮੈਂਬਰਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ। ਮਿਲੀ ਜਾਣਕਾਰੀ ਅਨੁਸਾਰ ਸੋਰੇਨ ਦੇ ਪਰਿਵਾਰ ਦੇ 29 ਮੈਂਬਰਾਂ ਦੇ ਸੈਂਪਲ ਜਾਂਚ ਲਈ ਲਏ ਗਏ ਸਨ ਜਿਨ੍ਹਾਂ ਵਿੱਚੋਂ ਸੱਤ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਸੋਰੇਨ ਦੇ ਪੁੱਤਰ ਤੇ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਕਰੋਨਾਵਾਇਰਸ ਦਾ ਟੈਸਟ ਸੋਮਵਾਰ ਨੂੰ ਕੀਤਾ ਜਾਵੇਗਾ। ਦੋ ਮਹੀਨਿਆਂ ’ਚ ਉਨ੍ਹਾਂ ਦਾ ਤੀਜੀ ਵਾਰ ਕਰੋਨਾਵਾਇਰਸ ਦਾ ਟੈਸਟ ਹੋਵੇਗਾ। ਸੂਤਰਾਂ ਅਨੁਸਾਰ ਸੋਮਵਾਰ ਨੂੰ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ’ਤੇ ਉਨ੍ਹਾਂ ਦੀ ਪਤਨੀ ਤੇ ਹੋਰ ਕਈ ਪਰਿਵਾਰਕ ਮੈਂਬਰਾਂ ਦਾ ਟੈਸਟ ਕੀਤਾ ਜਾਵੇਗਾ। -ਪੀਟੀਆਈ
ਉੜੀਸਾ ਤੋਂ ਲੋਕ ਸਭਾ ਮੈਂਬਰ ਮੰਜੂ ਲਤਾ ਮੰਡਲ ਵੀ ਆਈ ਲਪੇਟ ’ਚ
ਭੁਬਨੇਸ਼ਵਰ: ਲੋਕ ਸਭਾ ਮੈਂਬਰ ਅਤੇ ਕਾਬਜ਼ ਧਿਰ ਬੀਜੇਡੀ ਦੀ ਆਗੂ ਮੰਜੂਲਤਾ ਮੰਡਲ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਘਰ ਵਿਚ ਹੀ ਇਕਾਂਤਵਾਸ ਹਨ।ਭਦਰਕ ਤੋਂ ਸੰਸਦ ਮੈਂਬਰ ਮੰਜੂ ਲਤਾ ਮੰਡਲ ਨੇ ਟਵਿੱਟਰ ’ਤੇ ਗੱਲਬਾਤ ਦੌਰਾਨ ਪਿਛਲੇ ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਹੈ। -ਪੀਟੀਆਈ