ਨਵੀਂ ਦਿੱਲੀ, 21 ਫਰਵਰੀ
ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਬਾਇਓਲੌਜੀਕਲ ਈ ਕੰਪਨੀ ਦੇ ਕੋਵਿਡ ਵੈਕਸੀਨ ‘ਕੋਰਬੇਵੈਕਸ’ ਨੂੰ 12 ਤੋਂ 18 ਸਾਲ ਉਮਰ ਵਰਗ ਲਈ ਸ਼ਰਤਾਂ ਸਣੇ ਹੰਗਾਮੀ ਤੌਰ ’ਤੇ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਹਾਲਾਂਕਿ 15 ਸਾਲ ਤੋਂ ਹੇਠਾਂ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਸਿਹਤ ਮੰਤਰਾਲੇ ਨੇ ਹਾਲ ਹੀ ਵਿਚ ਕਿਹਾ ਸੀ ਕਿ ਟੀਕਾਕਰਨ ਦੀ ਲੋੜ ਅਤੇ ਇਸ ਦੇ ਦਾਇਰੇ ਵਿਚ ਹੋਰ ਉਮਰ ਵਰਗਾਂ ਨੂੰ ਸ਼ਾਮਲ ਕਰਨ ਬਾਰੇ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਵਿਸ਼ਾ ਮਾਹਿਰਾਂ ਦੀ ਕਮੇਟੀ ਵੱਲੋਂ 14 ਫਰਵਰੀ ਨੂੰ ਇਸ ਵੈਕਸੀਨ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਮਗਰੋਂ ਡੀਸੀਜੀਆਈ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ। ‘ਕੋਰਬੇਵੈਕਸ’ ਭਾਰਤ ਦਾ ਪਹਿਲਾ ਦੇਸ਼ ਵਿਚ ਹੀ ਵਿਕਸਿਤ ਆਰਬੀਡੀ ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ। ਇਸ ਨੂੰ ਹਾਲੇ ਤੱਕ ਮੁਲਕ ਦੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਡਰੱਗ ਕੰਟਰੋਲਰ ਨੂੰ 9 ਫਰਵਰੀ ਨੂੰ ਅਰਜ਼ੀ ਦਿੱਤੀ ਗਈ ਸੀ। -ਪੀਟੀਆਈ