ਨਵੀਂ ਦਿੱਲੀ, 26 ਅਪਰੈਲ
ਦੇਸ਼ ਵਿੱਚ ਬੇਕਾਬੂ ਹੋਈ ਕਰੋਨਾਵਾਇਰਸ ਦੀ ਦੂਜੀ ਲਹਿਰ ਦਰਮਿਆਨ ਸਰਕਾਰ ਨੇ ਲੋਕਾਂ ਵਿੱਚ ਘਰ ਕਰ ਗਏ ਖ਼ੌਫ਼ ਨੂੰ ਘਟਾਉਣ ਦੇ ਇਰਾਦੇ ਨਾਲ ਅੱਜ ਕਿਹਾ ਕਿ ਬੇਲੋੜੀ ਦਹਿਸ਼ਤ ਭਲੇ ਦੀ ਥਾਂ ਵੱਧ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਟੀਕਾਕਰਨ ਦੀ ਲੋੜ ਅਤੇ ਕੋਵਿਡ-19 ਦੇ ਢੁੱਕਵੇਂ ਰਵੱਈਏ ਦੀ ਪੜਚੋਲ ’ਤੇ ਜ਼ੋਰ ਦਿੰਦਿਆਂ ਸਰਕਾਰ ਨੇ ਸਲਾਹ ਦਿੱਤੀ ਕਿ ਹੁਣ ਸਮਾਂ ਹੈ ਜਦੋਂ ਲੋਕ ਆਪਣੇ ਘਰਾਂ ਅੰਦਰ ਵੀ ਮਾਸਕ ਪਾਉਣੇ ਸ਼ੁਰੂ ਕਰਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕੁਝ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਲੋਕ ਮਹਿਜ਼ ਦਹਿਸ਼ਤ ’ਚ ਹੋਣ ਕਰਕੇ ਹਸਪਤਾਲਾਂ ਦੇ ਬੈੱਡ ਮਲ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ’ਚ ਦਾਖਲਾ ਸਿਰਫ਼ ਡਾਕਟਰਾਂ ਦੀ ਸਲਾਹ ਨਾਲ ਹੀ ਹੋਣਾ ਚਾਹੀਦਾ ਹੈ। ਟੀਕਾਕਰਨ ਮੁਹਿੰਮ ਦੀ ਰਫ਼ਤਾਰ ਨੂੰ ਵਧਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਔਰਤਾਂ ਮਹਾਵਾਰੀ ਦੇ ਦਿਨਾਂ ਦੌਰਾਨ ਵੀ ਕੋਵਿਡ-19 ਵੈਕਸੀਨ ਲੈ ਸਕਦੀਆਂ ਹਨ। -ਪੀਟੀਆਈ