ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੀ ਲਾਗ ਦੇ 50,848 ਨਵੇਂ ਕੇਸਾਂ ਨਾਲ ਭਾਰਤ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦਾ ਅੰਕੜਾ 3 ਕਰੋੜ ਦੇ ਨਿਸ਼ਾਨ ਨੂੰ ਟੱਪ ਗਿਆ ਹੈ। ਇਨ੍ਹਾਂ ਵਿੱਚੋਂ ਲਾਗ ਦੇ 1 ਕਰੋੜ ਕੇਸ ਪਿਛਲੇ 50 ਦਿਨਾਂ ਵਿੱਚ ਰਿਪੋਰਟ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਨਵਿਆਏ ਅੰਕੜਿਆਂ ਮੁਤਾਬਕ 50,848 ਨਵੇਂ ਕੇਸਾਂ ਨਾਲ ਕਰੋਨਾਵਾਇਰਸ ਦੇ ਕੁੱਲ ਕੇਸ 3,00,28,709 ਹੋ ਗਏ ਹਨ। ਇਸੇ ਅਰਸੇ ਦੌਰਾਨ 1358 ਹੋਰ ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪਏ ਵਿਅਕਤੀਆਂ ਦੀ ਕੁੱਲ ਗਿਣਤੀ 3,90,660 ਦੇ ਅੰਕੜੇ ਨੂੰ ਅੱਪੜ ਗਈ ਹੈ। ਕੋਵਿਡ-19 ਦੀ ਲਾਗ ਦੇ ਕੁਲ ਕੇਸਾਂ ਨੇ ਪਿਛਲੇ 19 ਦਸੰਬਰ ਨੂੰ 1 ਕਰੋੜ ਦਾ ਅੰਕੜਾ ਪਾਰ ਕੀਤਾ ਸੀ। 4 ਮਈ ਨੂੰ ਇਹ ਗਿਣਤੀ ਦੋ ਕਰੋੜ ਤੱਕ ਪੁੱਜਣ ਵਿੱਚ 136 ਦੇ ਕਰੀਬ ਦਿਨ ਲੱਗੇ। ਸਰਕਾਰ ਵੱਲੋਂ ਪ੍ਰਕਾਸ਼ਿਤ ਡੇਟਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 54.24 ਲੱਖ ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ। ਹੁਣ ਤੱਕ 29.46 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 6,43,194 ਰਹਿ ਗਈ ਹੈ, ਜੋ ਕੁੱਲ ਕੇਸਾਂ ਦਾ 2.14 ਫੀਸਦ ਹੈ। ਕੋਵਿਡ-19 ਦੀ ਕੌਮੀ ਰਿਕਵਰੀ ਦਰ 96.56 ਫੀਸਦ ਹੈ। ਪਿਛਲੇ 24 ਘੰਟੇ ’ਚ ਰਿਪੋਰਟ ਹੋਈਆਂ 1358 ਹੋਰ ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 482, ਤਾਮਿਲ ਨਾਡੂ 194, ਕੇਰਲਾ 141 ਤੇ ਕਰਨਾਟਕ ਵਿੱਚ 139 ਵਿਅਕਤੀ ਦਮ ਤੋੜ ਗਏ। -ਪੀਟੀਆਈ