ਨਵੀਂ ਦਿੱਲੀ, 11 ਨਵੰਬਰ
ਭਾਰਤ ’ਚ ਕਰੋਨਾ ਲਾਗ ਦੇ ਕੇਸਾਂ ਦੀ ਗਿਣਤੀ ਅੱਜ 86 ਲੱਖ ਤੋਂ ਪਾਰ ਹੋ ਗਈ ਜਦਕਿ ਹੁਣ ਤੱਕ 80.13 ਲੱਖ ਮਰੀਜ਼ ਠੀਕ ਹੋਣ ਨਾਲ ਸਿਹਤਯਾਬੀ ਦਰ 92.79 ਫ਼ੀਸਦ ਹੋ ਗਈ ਹੈ। ਇਸੇ ਦੌਰਾਨ ਅੱਜ ਵੀ ਸਰਗਰਮ ਕੇਸਾਂ ਦੀ ਗਿਣਤੀ 5 ਲੱਖ ਤੋਂ ਹੇਠਾਂ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਕਰੋਨਾ ਲਾਗ ਦੇ 44,281 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕੇਸਾਂ ਦੀ ਕੁੱਲ ਗਿਣਤੀ 86,36,011 ਹੋ ਗਈ ਜਦਕਿ 512 ਸੱਜਰੀਆਂ ਮੌਤਾਂ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ 1,27,571 ਹੋ ਗਿਆ ਹੈ।
ਅੰਕੜਿਆਂ ਮੁਤਾਬਕ ਹੁਣ ਤੱਕ 80,13,783 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ, ਜਿਸ ਨਾਲ ਸਿਹਤਯਾਬੀ ਦਰ 92.79 ਫ਼ੀਸਦ ਹੋ ਗਈ ਹੈ। ਦੇਸ਼ ’ਚ ਹੁਣ ਤੱਕ 4,94,657 ਸਰਗਰਮ ਮਰੀਜ਼ ਹਨ, ਜੋ ਕੁੱਲ ਕੇਸਾਂ ਦਾ ਮਹਿਜ਼ 5.73 ਫ਼ੀਸਦ ਹਿੱਸਾ ਹਨ। ਦੇਸ਼ ’ਚ ਕਰੋਨਾ ਕਾਰਨ ਮੌਤ ਦਰ 1.48 ਫ਼ੀਸਦ ਹੈ। ਦੂਜੇ ਪਾਸੇ ਲੰਘੇ 24 ਘੰਟਿਆਂ ਦੌਰਾਨ ਹੋਈਆਂ 512 ਮੌਤਾਂ ਵਿੱਚੋਂ ਸਭ ਤੋਂ ਵੱਧ 110 ਮਹਾਰਾਸ਼ਟਰ ’ਚ, ਜਦਕਿ ਦਿੱਲੀ ’ਚ 83, ਪੱਛਮੀ ਬੰਗਾਲ ’ਚ 53 ਅਤੇ ਬਾਕੀ ਹੋਰ ਰਾਜਾਂ ’ਚ ਹੋਈਆਂ ਹਨ। -ਪੀਟੀਆਈ
‘ਫਾਈਜ਼ਰ ਵਾਂਗ ਭਾਰਤੀ ਵੈਕਸੀਨ ਰੱਖਣ ਲਈ ਘੱਟ ਤਾਪਮਾਨ ਦੀ ਲੋੜ ਨਹੀਂ’
ਨਵੀਂ ਦਿੱਲੀ: ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਵਿਡ-19 ਦੀ ਸੰਭਾਵਿਤ ਭਾਰਤੀ ਵੈਕਸੀਨ ਮੌਜੂਦਾ ਭੰਡਾਰਨ ਬੁਨਿਆਦੀ ਢਾਂਚੇ ਅਤੇ ਹੋਰ ਕਾਰਕਾਂ ਦੀ ਮੌਜੂਦਗੀ ਵਿੱਚ ਵਰਤੋਂ ਦੀ ਸਮਰੱਥਾ ਦੀ ਉਮੀਦ ਜਗਾਉਂਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਭਾਰਤੀ ਵੈਕਸੀਨ ਦਾ ਵੱਡਾ ਗੁਣ ਹੈ ਕਿ ਇਸ ਨੂੰ ਫ਼ਾਈਜ਼ਰ ਦੀ ਵੈਕਸੀਨ ਵਾਂਗ ਬਹੁਤ ਜ਼ਿਆਦਾ ਘੱਟ ਤਾਪਮਾਨ ’ਤੇ ਰੱਖਣ ਦੀ ਲੋੜ ਨਹੀਂ ਹੈ। ਇਸ ਨੂੰ ਹੋਰ ਭਾਰਤੀ ਵੈਕਸੀਨ ਰੱਖਣ ਲਈ ਵਰਤੇ ਜਾਂਦੇ ਕੋਲਡ ਸਟੋਰਾਂ ’ਚ ਰੱਖਿਆ ਜਾ ਸਕਦਾ ਹੈ। -ਪੀਟੀਆਈ
ਪੰਜਾਬ ’ਚ 31 ਹੋਰ ਮੌਤਾਂ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ ਅੱਜ ਕਈ ਹਫ਼ਤਿਆਂ ਬਾਅਦ ਕਰੋਨਾਵਾਇਰਸ ਕਾਰਨ ਮੌਤਾਂ ਅਤੇ ਸੱਜਰੇ ਮਾਮਲਿਆਂ ’ਚ ਵੱਡਾ ਉਛਾਲ ਦੇਖਿਆ ਗਿਆ। ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਲੰਘੇ 24 ਘੰਟਿਆਂ ਦੌਰਾਨ 31 ਵਿਅਕਤੀਆਂ ਦੀ ਮੌਤ ਹੋਈ ਅਤੇ 703 ਨਵੇਂ ਕੇਸ ਸਾਹਮਣੇ ਆਏ ਹਨ। ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਵਧ ਕੇ 5,246 ਤਕ ਪਹੁੰਚ ਗਈ ਹੈ। ਸੂਬੇ ਵਿੱਚ ਹੁਣ ਤਕ 1,39,184 ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਇਸ ਸਮੇਂ 156 ਵਿਅਕਤੀਆਂ ਨੂੰ ਆਕਸੀਜਨ ਅਤੇ 15 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਲੰਘੇ 24 ਘੰਟਿਆਂ ’ਚ 460 ਵਿਅਕਤੀ ਸਿਹਤਯਾਬ ਵੀ ਹੋਏ ਹਨ। ਸੂਬੇ ’ਚ ਹੋਈਆਂ 31 ਮੌਤਾਂ ਵਿੱਚੋਂ ਮੁਹਾਲੀ ਤੇ ਪਟਿਆਲਾ ਵਿੱਚ 4-4, ਲੁਧਿਆਣਾ, ਕਪੂਰਥਲਾ ਅਤੇ ਮੋਗਾ ’ਚ 3-3, ਹੁਸ਼ਿਆਰਪੁਰ, ਬਠਿੰਡਾ, ਜਲੰਧਰ ਅਤੇ ਸੰਗਰੂਰ ’ਚ 2-2 ਜਦਕਿ ਅੰਮ੍ਰਿਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਰੋਪੜ ਅਤੇ ਤਰਨ ਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।