ਨਵੀਂ ਦਿੱਲੀ, 10 ਅਗਸਤ
ਦੇਸ਼ ’ਚ ਕਰੋਨਾਵਾਇਰਸ ਦਾ ਅੰਕੜਾ 62,064 ਨਵੇਂ ਕੇਸਾਂ ਨਾਲ ਸੋਮਵਾਰ ਨੂੰ 22 ਲੱਖ ਤੋਂ ਪਾਰ ਹੋ ਗਿਆ। ਉਂਜ ਰਾਹਤ ਵਾਲੀ ਖ਼ਬਰ ਇਹ ਹੈ ਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ ਵੱਧ ਕੇ 70 ਫ਼ੀਸਦ ਹੋ ਗਈ ਹੈ। ਕਰੋਨਾ ਦੇ ਲਗਾਤਾਰ ਚੌਥੇ ਦਿਨ 60 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 15,35,743 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 1007 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 44,386 ਹੋ ਗਿਆ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਕਰੋਨਾ ਦੇ 6,34,945 ਸਰਗਰਮ ਕੇਸ ਹਨ। ਉਂਜ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ 22,15,074 ਹੋ ਗਈ ਹੈ। ਸਿਹਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਵਧੇਰੇ ਟੈਸਟ, ਮਰੀਜ਼ਾਂ ਦੀ ਪਛਾਣ ਅਤੇ ਉਨ੍ਹਾਂ ਦੇ ਢੁਕਵੇਂ ਇਲਾਜ ਨਾਲ ਰਿਕਵਰੀ ਦਰ ਹਾਸਲ ਕਰਨ ’ਚ ਸਹਾਇਤਾ ਮਿਲੀ ਹੈ।
ਬੀਤੇ ਇਕ ਦਿਨ ’ਚ ਸਭ ਤੋਂ ਵੱਧ 54,859 ਵਿਅਕਤੀ ਠੀਕ ਹੋਏ ਹਨ। ਰਿਕਵਰੀ ਦਰ ਵਧਣ ਨਾਲ ਸਰਗਰਮ ਕੇਸਾਂ ਦੀ ਪ੍ਰਤੀਸ਼ਤਤਾ ਘਟੀ ਹੈ ਅਤੇ ਇਹ ਮੌਜੂਦਾ ਸਮੇਂ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ 28.66 ਫ਼ੀਸਦ ਹੈ। ਮੰਤਰਾਲੇ ਨੇ ਕਿਹਾ ਕਿ ਮੌਤਾਂ ਦੀ ਦਰ ’ਚ ਵੀ ਸੁਧਾਰ ਦਰਜ ਹੋਇਆ ਹੈ ਅਤੇ ਇਹ ਹੁਣ 2 ਫ਼ੀਸਦ ਰਹਿ ਗਈ ਹੈ। ਮੰਤਰਾਲੇ ਨੇ ਕਿਹਾ ਕਿ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾ ਸੰਕਟ ਅਜੇ ਵੀ ਗੰਭੀਰ ਹੈ ਕਿਉਂਕਿ 80 ਫ਼ੀਸਦੀ ਤੋਂ ਵੱਧ ਨਵੇਂ ਕੇਸ ਉਥੇ ਹੀ ਆਏ ਹਨ।
-ਪੀਟੀਆਈ