ਨਵੀਂ ਦਿੱਲੀ, 18 ਸਤੰਬਰ
ਕਰੋਨਾ ਲਾਗ ਦੇ 96,424 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਲਾਗ ਪੀੜਤਾਂ ਦਾ ਅੰਕੜਾ 52 ਲੱਖ ਤੋਂ ਟੱਪ ਗਿਆ ਹੈ। ਹੁਣ ਤੱਕ 41,12,551 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ। ਦੇਸ਼ ’ਚ ਮਰੀਜ਼ਾਂ ਦੀ ਸਿਹਤਯਾਬੀ 78.86 ਫ਼ੀਸਦੀ ’ਤੇ ਸਥਿਰ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਲੰਘੇ 24 ਘੰਟਿਆਂ ’ਚ 96,424 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 52,14,667 ਹੋ ਗਈ ਹੈ ਜਦਕਿ 1,174 ਸੱਜਰੀਆਂ ਮੌਤਾਂ ਨਾਲ ਲਾਗ ਕਾਰਨ ਮੌਤਾਂ ਦਾ ਅੰਕੜਾ 84,372 ਹੋ ਗਿਆ ਹੈ। ਲੰਘੇ 24 ਘੰਟਿਆਂ ’ਚ 87,472 ਮਰੀਜ਼ਾਂ ਨੇ ਇਸ ਲਾਗ ’ਤੇ ਫ਼ਤਹਿ ਵੀ ਪਾਈ ਹੈ।
ਮੰਤਰਾਲੇ ਮੁਤਾਬਕ ਕਰੋਨਾ ਲਾਗ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟ ਕੇ 1.62 ਫ਼ੀਸਦੀ ’ਤੇ ਆ ਗਈ ਹੈ। ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕਰੋਨਾ ਲਾਗ ਦੇ 10,17,754 ਸਰਗਰਮ ਕੇਸ ਹਨ ਜੋ ਕਿ ਕੁੱਲ ਕੇਸਾਂ ਦਾ 19.52 ਫ਼ੀਸਦੀ ਬਣਦੇ ਹਨ। ਲੰਘੇ 24 ਘੰਟਿਆਂ ’ਚ ਹੋਈਆਂ 1,174 ਮੌਤਾਂ ਵਿਚੋਂ ਸਭ ਤੋਂ ਵੱਧ 468 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ।
ਇਸੇ ਦੌਰਾਨ ਜੰਮੂ ਵਿੱਚ ਕਰੋਨਾ ਲਾਗ ਦੇ ਕੇਸ ਵਧਣ ਕਾਰਨ ਸਿਹਤ ਮੰਤਰਾਲੇ ਨੇ ਜ਼ਿਲ੍ਹੇ ਵਿੱਚ ਕਰੋਨਾ ਤੋਂ ਬਚਾਅ ਪ੍ਰਬੰਧਾਂ ’ਚ ਸਹਾਇਤਾ ਲਈ ਇੱਕ ਕੇਂਦਰੀ ਟੀਮ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਟੀਮ ਵਿੱਚ ਐੱਨਸੀਡੀਸੀ ਦੇ ਡਾਇਰੈਕਟਰ ਡਾ. ਐੱਸ.ਕੇ. ਸਿੰਘ ਅਤੇ ਏਮਸ ਦੇ ਪੀਸੀਸੀ ਵਿਭਾਗ ਦੇ ਪ੍ਰੋਫ਼ੈਸਰ ਡਾ. ਵਿਜੈ ਹੱਡਾ ਸ਼ਾਮਲ ਹਨ। -ਪੀਟੀਆਈ
ਪੰਜ ਸੂਬਿਆਂ ’ਚ ਸਭ ਤੋਂ ਵੱਧ ਕੇਸ ਤੇ ਸਿਹਤਯਾਬੀ ਦਰ
ਨਵੀਂ ਦਿੱਲੀ: ਸਿਹਤ ਮੰਤਰਾਲੇ ਮੁਤਾਬਕ ਦੇਸ਼ ’ਚ ਕਰੋਨਾ ਲਾਗ ਸਭ ਵੱਧ ਮਰੀਜ਼ ਪੰਜ ਸੂਬਿਆਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ’ਚ ਹਨ। ਇਹ ਦੇਸ਼ ’ਚ ਕੁੱਲ ਮਰੀਜ਼ਾਂ ਦਾ 59.8 ਫ਼ੀਸਦੀ ਬਣਦੇ ਹਨ। ਕੁੱਲ ਠੀਕ ਹੋਏ ਮਰੀਜ਼ਾਂ ਵਿੱਚੋਂ 59.8 ਫ਼ੀਸਦੀ ਇਨ੍ਹਾਂ ਸੂਬਿਆਂ ’ਚ ਠੀਕ ਹੋਏ ਹਨ ਅਤੇ 16 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 90 ਫ਼ੀਸਦੀ ਨਵੇਂ ਮਰੀਜ਼ ਸਿਹਤਯਾਬ ਹੋਏ ਹਨ।
ਆਯੂਸ਼ ਪ੍ਰਣਾਲੀ ਕਰੋਨਾ ਦੇ ਇਲਾਜ ’ਚ ਲਾਭਦਾਇਕ: ਹਰਸ਼ਵਰਧਨ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਲੋਕ ਸਭਾ ’ਚ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਕਰੋਨਾ ਨਾਲ ਨਜਿੱਠਣ ਲਈ ਆਯੂਸ਼ ਇਲਾਜ ਪ੍ਰਣਾਲੀ ਲਾਭਦਾਇਕ ਹੈ ਅਤੇ ਇਸ ਪ੍ਰਣਾਲੀ ਤਹਿਤ 7 ਲੱਖ ਤੋਂ ਵੱਧ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਲਈ ਰਿਸਰਚ ਕੌਂਸਲਾਂ ਦੇ ਡਾਇਰੈਕਟਰ ਜਨਰਲਾਂ ਕੌਮੀ ਸੰਸਥਾਵਾਂ ਦੇ ਡਾਇਰੈਕਟਰਾਂ ਵੱਲੋਂ ਮਾਹਿਰਾਂ ਦੀ ਸਲਾਹ ਨਾ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ। ਕੈਬਿਨਟ ਸਕੱਤਰੇਤ ਤੋਂ ਪ੍ਰਵਾਨਗੀ ਮਿਲਣ ਮਗਰੋਂ ਇਹ ਲੋਕ ਹਿੱਤ ਸਾਧਨਾਂ ’ਤੇ ਉਪਲੱਬਧ ਹੋਣਗੇ। -ਪੀਟੀਆਈ