ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 23 ਨਵੰਬਰ
ਮੁਲਕ ਦੇ ਕਈ ਹਿੱਸਿਆਂ ’ਚ ਕਰੋਨਾਵਾਇਰਸ ਕਾਰਨ ਹਾਲਾਤ ਮੁੜ ਵਿਗੜਨ ਦਰਮਿਆਨ ਸੁਪਰੀਮ ਕੋਰਟ ਨੇ ਅੱਜ ਦਿੱਲੀ ਅਤੇ ਗੁਜਰਾਤ ਸਰਕਾਰਾਂ ਵੱਲੋਂ ਮਹਾਮਾਰੀ ਨਾਲ ਨਜਿੱਠਣ ’ਚ ਦਿਖਾਈ ਗਈ ਕੋਤਾਹੀ ਲਈ ਉਨ੍ਹਾਂ ਦੀ ਖਿਚਾਈ ਕੀਤੀ ਹੈ। ਜਸਟਿਸ ਅਸ਼ੋਕ ਭੂਸ਼ਨ ਦੀ ਅਗਵਾਈ ਹੇਠਲੇ ਬੈਂਚ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਉਠਾਏ ਗਏ ਕਦਮਾਂ ਅਤੇ ਕੇਂਦਰ ਤੋਂ ਮਹਾਮਾਰੀ ਨਾਲ ਨਜਿੱਠਣ ਲਈ ਮੰਗੀ ਗਈ ਸਹਾਇਤਾ ਸਮੇਤ ਸਥਿਤੀ ਰਿਪੋਰਟ ਦਾਖ਼ਲ ਕਰਨ। ਦਸੰਬਰ ’ਚ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਸਿਖਰਲੀ ਅਦਾਲਤ ਨੇ ਸਾਰੇ ਸੂਬਿਆਂ ਅਤੇ ਕੇਂਦਰ ਨੂੰ ਕਿਹਾ ਕਿ ਉਹ ਕੋਵਿਡ-19 ਨਾਲ ਸਿੱਝਣ ਲਈ ਢੁੱਕਵੇਂ ਕਦਮ ਉਠਾਉਂਦਿਆਂ ਇਹਤਿਆਤ ਰੱਖਣ। ਬੈਂਚ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕਿਹਾ ਕਿ ਉਹ ਵੀਰਵਾਰ ਤੱਕ ਹਲਫ਼ਨਾਮਾ/ਸਥਿਤੀ ਰਿਪੋਰਟ ਦਾਖ਼ਲ ਕਰਨ ਅਤੇ ਕੇਸ ਦੀ ਸੁਣਵਾਈ ਸ਼ੁੱਕਰਵਾਰ ਲਈ ਨਿਰਧਾਰਤ ਕਰ ਦਿੱਤੀ।
ਬੈਂਚ ਨੇ ਦਿੱਲੀ ਸਰਕਾਰ ਤੋਂ ਪੁੱਛਿਆ,‘‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਹਾਲਾਤ ਨਾਲ ਕਿਵੇਂ ਸਿੱਝ ਰਹੇ ਹੋ। ਹਸਪਤਾਲ ਮਰੀਜ਼ਾਂ ਦਾ ਕਿਵੇਂ ਇਲਾਜ ਕਰ ਰਹੇ ਹਨ? ਕੀ ਬੈੱਡ ਵੱਡੀ ਗਿਣਤੀ ’ਚ ਮੌਜੂਦ ਹਨ?’’ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਤੇ ਵਧੀਕ ਸੌਲੀਸਿਟਰ ਜਨਰਲ ਸੰਜੇ ਜੈਨ ਨੇ ਕਿਹਾ ਕਿ ਕੌਮੀ ਰਾਜਧਾਨੀ ’ਚ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ‘ਸਾਰੇ ਹਸਪਤਾਲਾਂ ’ਚ ਕੋਵਿਡ-19 ਦੇ ਮਰੀਜ਼ਾਂ ਲਈ ਬੈੱਡ ਰਾਖਵੇਂ ਰੱਖੇ ਗਏ ਹਨ।’ ਪਰ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹ ਕਿ ਦਿੱਲੀ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ 13 ਨਵੰਬਰ ਨੂੰ ਬੈਠਕ ਕਰ ਕੇ ਦਿੱਲੀ ’ਚ ਹਾਲਾਤ ਸੁਧਾਰਨ ਲਈ ਕਈ ਨਿਰਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਦੇਸ਼ ਖਾਸ ਕਰਕੇ ਦਿੱਲੀ ’ਚ ਕੋਵਿਡ-19 ਦੇ ਹਾਲਾਤ ਬਾਰੇ ਹਲਫ਼ਨਾਮਾ ਦਾਖ਼ਲ ਕਰੇਗਾ।
ਹਿਮਾਚਲ ਦੇ ਚਾਰ ਜ਼ਿਲ੍ਹਿਆਂ ’ਚ ਰਾਤ ਦਾ ਕਰਫਿਊ
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਰੋਨਾ ਲਾਗ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸ਼ਿਮਲਾ, ਮੰਡੀ, ਕੁੱਲੂ ਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਭਲਕ ਤੋਂ 15 ਦਸੰਬਰ ਤੱਕ ਰਾਤ ਦਾ ਕਰਫਿਊ ਲਾ ਦਿੱਤਾ ਹੈ ਅਤੇ ਨਾਲ ਹੀ 31 ਦਸੰਬਰ ਤੱਕ ਸੂਬੇ ਵਿਚਲੇ ਸਾਰੇ ਸਕੂਲ ਤੇ ਕਾਲਜ ਵੀ ਬੰਦ ਕਰ ਦਿੱਤੇ ਹਨ। ਕਰਫਿਊ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਅਮਲ ਵਿੱਚ ਰਹੇਗਾ। -ਪੀਟੀਆਈ