ਮੁੱਖ ਅੰਸ਼
- ਲਗਾਤਾਰ ਛੇਵੇਂ ਦਿਨ ਪਾਜ਼ੇਟੀਵਿਟੀ ਦਰ 10 ਫ਼ੀਸਦ ਤੋਂ ਘੱਟ ਰਹੀ
- ਬੀਤੇ 46 ਦਿਨਾਂ ਵਿੱਚ ਕਰੋਨਾ ਕੇਸ ਸਭ ਤੋਂ ਘੱਟ
ਨਵੀਂ ਦਿੱਲੀ, 30 ਮਈ
ਦੇਸ਼ ’ਚ ਕਰੋਨਾਵਾਇਰਸ ਦੀ ਦੂਜੀ ਲਹਿਰ ਦਾ ਅਸਰ ਰੋਜ਼ਾਨਾ ਘਟਦਾ ਜਾ ਰਿਹਾ ਹੈ। ਮੁਲਕ ’ਚ ਸਿਹਤਯਾਬੀ ਦਰ ਸੁਧਰ ਕੇ 91.25 ਫ਼ੀਸਦ ’ਤੇ ਪਹੁੰਚ ਗਈ ਹੈ। ਰੋਗ ਤੋਂ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਢਾਈ ਕਰੋੜ ਤੋਂ ਜ਼ਿਆਦਾ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1,65,553 ਨਵੇਂ ਕੇਸ ਸਾਹਮਣੇ ਆਏ ਜੋ 46 ਦਿਨਾਂ ’ਚ ਸਭ ਤੋਂ ਘੱਟ ਹਨ। ਇਸ ਨਾਲ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵੱਧ ਕੇ 2,78,94,800 ਹੋ ਗਈ ਹੈ। ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ ਲਗਾਤਾਰ ਛੇਵੇਂ ਦਿਨ 10 ਫ਼ੀਸਦ ਤੋਂ ਘੱਟ ਰਹਿੰਦਿਆਂ 8.02 ਫ਼ੀਸਦ ’ਤੇ ਪਹੁੰਚ ਗਈ ਹੈ। ਹਫ਼ਤਾਵਾਰੀ ਪਾਜ਼ੇਟੀਵਿਟੀ ਦਰ ਡਿੱਗ ਕੇ 9.36 ਫ਼ੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ’ਚ ਲਾਗ ਕਾਰਨ 3,460 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ ਸਵਾ 3 ਲੱਖ ਤੋਂ ਪਾਰ ਹੋ ਗਿਆ ਹੈ। ਕੇਂਦਰੀ ਮੰਤਰਾਲੇ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਮੁਲਕ ’ਚ 20,63,839 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਗਏ। ਇਸ ਨਾਲ ਹੁਣ ਤੱਕ ਪੂਰੇ ਦੇਸ਼ ’ਚ 34,31,83,748 ਟੈਸਟ ਹੋ ਚੁੱਕੇ ਹਨ। ਸਰਗਰਮ ਕੇਸਾਂ ਦੀ ਗਿਣਤੀ ਵੀ ਘਟ ਕੇ 21,14,508 ’ਤੇ ਪਹੁੰਚ ਗਈ ਹੈ। -ਪੀਟੀਆਈ
ਅਗਲੇ ਮਹੀਨੇ ਕੋਵੀਸ਼ੀਲਡ ਦੀਆਂ 10 ਕਰੋੜ ਖੁਰਾਕਾਂ ਸਪਲਾਈ ਕਰਾਂਗੇ: ਸੀਰਮ
ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਨੇ ਸਰਕਾਰ ਨੂੰ ਦੱਸਿਆ ਹੈ ਕਿ ਉਹ ਜੂਨ ’ਚ ਕਰੋਨਾ ਦੀਆਂ 9 ਤੋਂ 10 ਕਰੋੜ ਖੁਰਾਕਾਂ ਦਾ ਉਤਪਾਦਨ ਅਤੇ ਸਪਲਾਈ ਕਰਨ ਦੇ ਯੋਗ ਹੋਵੇਗੀ। ਕਰੋਨਾ ਤੋਂ ਬਚਾਅ ਦੇ ਟੀਕਿਆਂ ਦੀ ਘਾਟ ਬਾਰੇ ਸੂਬਿਆਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਰਮਿਆਨ ਐਤਵਾਰ ਨੂੰ ਸੀਰਮ ਇੰਸਟੀਚਿਊਟ ਦਾ ਇਹ ਬਿਆਨ ਆਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ’ਚ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਮਹਾਮਾਰੀ ਕਾਰਨ ਦਰਪੇਸ਼ ਵੱਖ ਵੱਖ ਚੁਣੌਤੀਆਂ ਦੇ ਬਾਵਜੂਦ 24 ਘੰਟੇ ਕੰਮ ਕਰ ਰਹੇ ਹਨ। ਸੀਰਮ ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਬਾਰੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕਿਹਾ ਕਿ ਮਈ ’ਚ ਸਾਢੇ 6 ਕਰੋੜ ਖੁਰਾਕਾਂ ਦੇ ਉਤਪਾਦਨ ਦੇ ਮੁਕਾਬਲੇ ’ਚ ਜੂਨ ’ਚ 9 ਤੋਂ 10 ਕਰੋੜ ਖੁਰਾਕਾਂ ਦਾ ਉਤਪਾਦਨ ਕੀਤਾ ਜਾਵੇਗਾ। ਚਿੱਠੀ ’ਚ ਉਨ੍ਹਾਂ ਬੇਸ਼ਕੀਮਤੀ ਮਾਰਗਦਰਸ਼ਨ ਅਤੇ ਹਮਾਇਤ ਦੇਣ ਲਈ ਸ਼ਾਹ ਦਾ ਧੰਨਵਾਦ ਵੀ ਕੀਤਾ। -ਪੀਟੀਆਈ
ਕਰੋਨਾ ਵੈਕਸੀਨ ਦੀਆਂ ਕਰੀਬ 12 ਕਰੋੜ ਖੁਰਾਕਾਂ ਜੂਨ ਵਿੱਚ ਮਿਲਣਗੀਆਂ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਰੋਨਾ ਵੈਕਸੀਨ ਦੀਆਂ ਕਰੀਬ 12 ਕਰੋੜ ਖੁਰਾਕਾਂ ਜੂਨ ’ਚ ਉਪਲੱਬਧ ਹੋਣਗੀਆਂ। ਮਈ ’ਚ ਵੈਕਸੀਨੇਸ਼ਨ ਲਈ 7.94 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਸਨ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਵੈਕਸੀਨ ਦੀ ਵੰਡ ਦਾ ਫ਼ੈਸਲਾ ਖਪਤ, ਆਬਾਦੀ ਅਤੇ ਬਰਬਾਦੀ ਮੁਤਾਬਕ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੂਨ ’ਚ ਉਪਲੱਬਧ ਹੋਣ ਵਾਲੀ ਵੈਕਸੀਨ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ,‘‘ਜੂਨ ’ਚ ਸਿਹਤ ਸੰਭਾਲ ਵਰਕਰਾਂ, ਫਰੰਟਲਾਈਨ ਵਰਕਰਾਂ ਦੇ ਤਰਜੀਹੀ ਗਰੁੱਪ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਸੂਬਿਆਂ ਅਤੇ ਯੂਟੀਜ਼ ਨੂੰ 6.09 ਕਰੋੜ ਖੁਰਾਕਾਂ ਕੇਂਦਰ ਸਰਕਾਰ ਵੱਲੋਂ ਮੁਫ਼ਤ ’ਚ ਦਿੱਤੀਆਂ ਜਾਣਗੀਆਂ।’’ ਇਸ ਤੋਂ ਇਲਾਵਾ 5.86 ਕਰੋੜ ਤੋਂ ਜ਼ਿਆਦਾ ਖੁਰਾਕਾਂ ਸੂਬਿਆਂ/ਯੂਟੀਜ਼ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਸਿੱਧੀ ਖ਼ਰੀਦ ਤਹਿਤ ਉਪਲੱਬਧ ਹੋਣਗੀਆਂ। ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਵੈਕਸੀਨ ਦੀ ਬਰਬਾਦੀ ਤੋਂ ਬਚਣ ਅਤੇ ਟੀਕਾਕਰਨ ਦੀ ਪਹਿਲਾਂ ਤੋਂ ਯੋਜਨਾ ਬਣਾ ਕੇ ਰੱਖਣ। -ਪੀਟੀਆਈ
ਪੰਜਾਬ ’ਚ 127 ਅਤੇ ਹਰਿਆਣਾ ਵਿੱਚ 89 ਹੋਰ ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ’ਚ ਬੀਤੇ 24 ਘੰਟਿਆਂ ਵਿੱਚ 127 ਅਤੇ ਹਰਿਆਣਾ ’ਚ 89 ਦੀ ਮੌਤ ਹੋਈ ਹੈ। ਪੰਜਾਬ ’ਚ ਕਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 14,432 ਅਤੇ ਹਰਿਆਣਾ ਵਿੱਚ 8221 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ 2627 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ। ਅੰਮ੍ਰਿਤਸਰ ’ਚ 19, ਬਠਿੰਡਾ ’ਚ 13, ਲੁਧਿਆਣਾ ’ਚ 12, ਗੁਰਦਾਸਪੁਰ ’ਚ 10, ਸੰਗਰੂਰ ’ਚ 9, ਮੁਹਾਲੀ ’ਚ 7, ਹੁਸ਼ਿਆਰਪੁਰ, ਮਾਨਸਾ, ਮੁਕਤਸਰ, ਪਟਿਆਲਾ ’ਚ 6-6, ਫਰੀਦਕੋਟ, ਰੋਪੜ ’ਚ 5-5, ਜਲੰਧਰ ’ਚ 4, ਫਾਜ਼ਿਲਕਾ, ਮੋਗਾ, ਪਠਾਨਕੋਟ, ਨਵਾਂ ਸ਼ਹਿਰ ’ਚ 3-3, ਬਰਨਾਲਾ, ਕਪੂਰਥਲਾ, ਤਰਨਤਾਰਨ ’ਚ 2-2 ਅਤੇ ਫਿਰੋਜ਼ਪੁਰ ’ਚ ਇਕ ਜਣੇ ਦੀ ਮੌਤ ਹੋਈ ਹੈ।
ਕਰੋਨਾ ਕਾਰਨ 58.9 ਫ਼ੀਸਦੀ ਸਿਹਤਮੰਦ ਵਿਅਕਤੀਆਂ ਦੀ ਮੌਤ ਹੋਈ
ਨਵੀਂ ਦਿੱਲੀ: ਮਹਾਮਾਰੀ ਦੌਰਾਨ ਸਵਾ ਤਿੰਨ ਲੱਖ ਤੋਂ ਜ਼ਿਆਦਾ ਮੌਤਾਂ ਹੋਣ ਮਗਰੋਂ ਆਈਏਐੱਨਐੱਸ-ਸੀਵੋਟਰ ਵੱਲੋਂ ਕੀਤੇ ਗਏ ਸਰਵੇਖਣ ’ਚ ਖ਼ੁਲਾਸਾ ਹੋਇਆ ਹੈ ਕਿ 58.9 ਫ਼ੀਸਦੀ ਸਿਹਤਮੰਦ ਵਿਅਕਤੀਆਂ ਦੀ ਜਾਨ ਕਰੋਨਾ ਕਾਰਨ ਗਈ ਹੈ। ਲਾਗ ਲੱਗਣ ਤੋਂ ਪਹਿਲਾਂ ਇਹ ਵਿਅਕਤੀ ਬਿਲਕੁਲ ਤੰਦਰੁਸਤ ਸਨ। ਮ੍ਰਿਤਕਾਂ ’ਚੋਂ 10.9 ਫ਼ੀਸਦ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ ਪਰ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਵੀ ਨਹੀਂ ਸਨ। ਇਸੇ ਤਰ੍ਹਾਂ 17.5 ਫ਼ੀਸਦ ਵਿਅਕਤੀ ਗੰਭੀਰ ਰੋਗਾਂ (ਦਿਲ, ਸ਼ੂਗਰ, ਟੀਬੀ, ਕੈਂਸਰ ਆਦਿ) ਤੋਂ ਪੀੜਤ ਸਨ ਜਦਕਿ 13.3 ਫ਼ੀਸਦ ਨੂੰ ਕਿਸੇ ਰੋਗ ਦੀ ਕੋਈ ਜਾਣਕਾਰੀ ਨਹੀਂ ਸੀ। ਸਰਵੇਖਣ ਮੁਤਾਬਕ 21.2 ਫ਼ੀਸਦ ਮੌਤਾਂ 66 ਸਾਲ ਤੋਂ ਉਪਰ ਦੇ ਵਰਗ ’ਚ ਹੋਈਆਂ ਹਨ। ਇਸੇ ਤਰ੍ਹਾਂ 36 ਤੋਂ 45 ਉਮਰ ਵਰਗ ਦੇ 19.1 ਫ਼ੀਸਦ, 56 ਤੋਂ 65 ਉਮਰ ਵਰਗ ਦੇ 18.3 ਫ਼ੀਸਦ ਅਤੇ 46 ਤੋਂ 55 ਉਮਰ ਦੇ 16.1 ਫ਼ੀਸਦ ਵਿਅਕਤੀ ਕਰੋਨਾ ਕਾਰਨ ਦਮ ਤੋੜ ਗਏ। ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਸਭ ਤੋਂ ਜ਼ਿਆਦਾ ਮੌਤਾਂ 45 ਸਾਲ ਤੋਂ ਘੱਟ ਉਮਰ ਵਰਗ ’ਚ ਹੋਈਆਂ ਹਨ ਜੋ ਕੁੱਲ ਮੌਤਾਂ ਦਾ 36 ਫ਼ੀਸਦ ਅੰਕੜਾ ਬਣਦਾ ਹੈ। ਇਸ ਤੋਂ ਬਾਅਦ 46 ਤੋਂ 65 ਉਮਰ ਵਰਗ ’ਚ 34.4 ਫ਼ੀਸਦ ਅਤੇ ਵਧੇਰੇ ਉਮਰ ਵਰਗ ’ਚ 21 ਫ਼ੀਸਦ ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਸਰਵੇਖਣ ਪਹਿਲੀ ਜਨਵਰੀ ਤੋਂ 27 ਮਈ ਵਿਚਕਾਰ ਪੂਰੇ ਦੇਸ਼ ’ਚ ਕੀਤਾ ਗਿਆ ਸੀ। -ਆਈਏਐਨਐਸ