ਨਵੀਂ ਦਿੱਲੀ, 13 ਅਗਸਤ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਲਾਗ ਦੇ 40,120 ਨਵੇਂ ਕੇਸਾਂ ਨਾਲ ਕੁੱਲ ਕੇਸਾਂ ਦੀ ਗਿਣਤੀ 3,21,17,826 ਨੂੰ ਪੁੱਜ ਗਈ ਹੈ। ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 97.46 ਫੀਸਦ ਰਿਕਾਰਡ ਕੀਤੀ ਗਈ ਹੈ, ਜੋ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ 585 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੀ 4,30,254 ਦੇ ਅੰਕੜੇ ਨੂੰ ਅੱਪੜ ਗਈ ਹੈ।
ਮੰਤਰਾਲੇ ਨੇ ਕਿਹਾ ਕਿ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 3,85,227 ਰਹਿ ਗਈ ਹੈ, ਜੋ ਕਿ ਕੁੱਲ ਕੇਸਲੋਡ ਦਾ 1.20 ਫੀਸਦ ਹੈ। ਮਾਰਚ 2020 ਮਗਰੋਂ ਇਹ ਹੁਣ ਤੱਕ ਦੀ ਸਭ ਤੋਂ ਹੇਠਲੀ ਫੀਸਦ ਹੈ। ਮੰਤਰਾਲੇ ਮੁਤਾਬਕ ਵੀਰਵਾਰ ਨੂੰ 19,70,495 ਟੈਸਟ ਕੀਤੇ ਗਏ ਹਨ ਜਦੋਂਕਿ ਹੁਣ ਤੱਕ ਪੂਰੇ ਦੇਸ਼ ਵਿੱਚ ਕੋਵਿਡ-19 ਦੀ ਪਛਾਣ ਲਈ 48,94,70,779 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਰੋਜ਼ਾਨਾ ਪਾਜ਼ੇਟਿਵਿਟੀ ਦਰ 2.04 ਫੀਸਦ ਰਿਕਾਰਡ ਕੀਤੀ ਗਈ ਹੈ, ਜੋ ਕਿ ਪਿਛਲੇ 19 ਦਿਨਾਂ ਤੋਂ 3 ਫੀਸਦ ਤੋਂ ਘੱਟ ਹੈ। ਸਵੇਰੇ ਅੱਠ ਵਜੇ ਤੱਕ ਰਿਪੋਰਟ ਅਨੁਸਾਰ 585 ਹੋਰ ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 208 ਤੇ ਕੇਰਲਾ ਵਿੱਚ 160 ਵਿਅਕਤੀ ਕਰੋਨਾ ਕਰਕੇ ਮੌਤ ਦੇ ਮੂੰਹ ਪੈ ਗਏ। -ਪੀਟੀਆਈ