ਨਵੀਂ ਦਿੱਲੀ, 7 ਮਈ
ਦੇਸ਼ ਵਿਚ ਕੋਵਿਡ-19 ਦੇ ਰਿਕਾਰਡ 4,14,188 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਵਾਇਰਸ ਦੀ ਲਾਗ ਦੇ ਕੁੱਲ ਮਾਮਲੇ ਵਧ ਕੇ 2,14,91,598 ਹੋ ਗਏ, ਜਦੋਂ ਕਿ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 3915 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 2,34,083 ਹੋ ਗਈ ਹੈ। ਪੰਜਾਬ ’ਚ ਹੁਣ ਤੱਕ 9979 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕੁੱਲ ਸਰਗਰਮ ਕੇਸਾਂ ਦੀ ਗਿਣਤੀ 36,45,164 ਹੈ, ਜੋ ਕਿ ਕੁਲ ਕੇਸਾਂ ਦਾ 16.96 ਫੀਸਦ ਹੈ ਜਦੋਂਕਿ ਕਰੋਨਾ ਤੋਂ ਸਿਹਤਯਾਬ ਹੋਣ ਦੀ ਕੌਮੀ ਦਰ ਘਟ ਕੇ 81.95 ਫੀਸਦ ਰਹਿ ਗਈ ਹੈ। ਹੁਣ ਤੱਕ 1,76,12,351 ਵਿਅਕਤੀ ਕਰੋਨਾ ਦੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ ਤੇ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.09 ਫੀਸਦ ਹੈ। ਪਿਛਲੇ 24 ਘੰਟਿਆਂ ’ਚ ਰਿਪੋਰਟ ਹੋਈਆਂ 3915 ਮੌਤਾਂ ’ਚੋਂ ਮਹਾਰਾਸ਼ਟਰ ’ਚ 853, ਯੂਪੀ 350, ਦਿੱਲੀ 335, ਕਰਨਾਟਕ 328, ਛੱਤੀਸਗੜ੍ਹ 212, ਤਾਮਿਲਨਾਡੂ 195, ਹਰਿਆਣਾ 177, ਰਾਜਸਥਾਨ 161, ਪੰਜਾਬ 154, ਉੱਤਰਾਖੰਡ 151, ਝਾਰਖੰਡ 133, ਗੁਜਰਾਤ 123 ਤੇ ਪੱਛਮੀ ਬੰਗਾਲ ’ਚ 117 ਵਿਅਕਤੀ ਦਮ ਤੋੜ ਗਏ। ਭਾਰਤੀ ਮੈਡੀਕਲ ਖੋਜ ਕੌਂਸਲ ਨੇ 6 ਮਈ ਤੱਕ 29,86,01,699 ਨਮੂਨਿਆਂ ਦੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। -ਪੀਟੀਆਈ
24 ਰਾਜਾਂ ਵਿੱਚ ਪਾਜ਼ੇਟਿਵਿਟੀ ਦਰ 15 ਫੀਸਦ ਤੋਂ ਵੱਧ: ਸਿਹਤ ਮੰਤਰਾਲਾ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ 24 ਰਾਜਾਂ ਵਿੱਚ ਕਰੋਨਾ ਦੀ ਲਾਗ ਦੀ ਪਾਜ਼ੇਟਿਵਿਟੀ ਦਰ ਮੌਜੂਦਾ ਸਮੇਂ 15 ਫੀਸਦ ਤੋਂ ਵੱਧ ਹੈ ਜਦੋਂਕਿ 9 ਰਾਜਾਂ ਵਿੱਚ ਇਹ ਅੰਕੜਾ 5 ਤੋਂ 15 ਫੀਸਦ ਦਰਮਿਆਨ ਹੈ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਯੂਪੀ ਤੇ ਛੱਤੀਸਗੜ੍ਹ ਉਨ੍ਹਾਂ ਰਾਜਾਂ ਵਿੱਚ ਸ਼ੁਮਾਰ ਹਨ, ਜਿੱਥੇ ਕੋਵਿਡ-19 ਕੇਸਾਂ ਦੀ ਰੋਜ਼ਾਨਾ ਗਿਣਤੀ ’ਚ ਪਹਿਲਾਂ ਦੇ ਮੁਕਾਬਲੇ ਘਟੀ ਹੈ। ਹਾਲਾਂਕਿ ਕਰਨਾਟਕ, ਕੇਰਲਾ, ਪੱਛਮੀ ਬੰਗਾਲ, ਤਾਮਿਲ ਨਾਡੂ ਤੇ ਉੜੀਸਾ ਵਿੱਚ ਕਰੋਨਾ ਦੀ ਲਾਗ ਦੇ ਨਵੇਂ ਕੇਸਾਂ ’ਚ ਉਭਾਰ ਵੇਖਣ ਨੂੰ ਮਿਲਿਆ ਹੈ। ਮੰਤਰਾਲੇ ਨੇ ਰਾਜਾਂ ਨੂੰ ਕਿਹਾ ਕਿ ਉਹ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਵਾਉਣ ਵਾਲੇ ਲਾਭਪਾਤਰੀਆਂ ਨੂੰ ਤਰਜੀਹ ਦੇਣ ਤੇ ਟੀਕਾਕਰਨ ਸ਼ਡਿਊਲ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ। -ਪੀਟੀਆਈ