ਨਵੀਂ ਦਿੱਲੀ, 27 ਜੂਨ
ਭਾਰਤ ਵਿਚ ਕਰੋਨਾਵਾਇਰਸ ਦੇ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵੱਧ 18,552 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਕਰੋਨਾ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 5 ਲੱਖ ਤੋਂ ਵੱਧ ਹੋ ਗਈ ਅਤੇ 384 ਹੋਰ ਲੋਕਾਂ ਦੀ ਮੌਤ ਨਾਲ ਹੁਣ ਤੱਕ ਮੌਤਾਂ ਦੀ ਗਿਣਤੀ 15,685 ਤੱਕ ਪੁੱਜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 18,552 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਹੁਣ ਤੱਕ ਕਰੋਨਾ ਪੀੜਤ ਲੋਕਾਂ ਦੀ ਕੁੱਲ ਗਿਣਤੀ 5,08,953 ਹੋ ਗਈ ਹੈ। ਦੇਸ਼ ਵਿਚ ਕਰੋਨਾ ਕੇਸਾਂ ਨੂੰ ਇਕ ਲੱਖ ਤੱਕ ਪਹੁੰਚਣ ਵਿਚ 110 ਦਿਨ ਲੱਗੇ, ਜਦੋਂਕਿ 27 ਜੂਨ ਨੂੰ ਪੰਜ ਲੱਖ ਦੇ ਅੰਕੜੇ ਨੂੰ ਛੂਹਣ ਵਿਚ ਸਿਰਫ 39 ਦਿਨ ਹੋਰ ਲੱਗੇ। ਇਹ ਲਗਾਤਾਰ ਚੌਥਾ ਦਿਨ ਹੈ ਕਿ ਰੋਜ਼ ਕਰੋਨਾ ਦੇ 15,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।