ਨਵੀਂ ਦਿੱਲੀ, 27 ਅਗਸਤ
ਦੇਸ਼ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਇੱਕ ਕਰੋੜ ਖੁਰਾਕਾਂ ਲੱਗੀਆਂ। ਸਿਹਤ ਮੰਤਰਾਲੇ ਮੁਤਾਬਕ ਇਹ ਆਪਣੇ ਆਪ ’ਚ ਇਕ ਰਿਕਾਰਡ ਹੈ। ਉਂਜ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 44,658 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਇਸ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 3,26,03,188 ਹੋ ਗਈ ਹੈ। ਇਸੇ ਸਮੇਂ ਦੌਰਾਨ 11,174 ਸਰਗਰਮ ਕੇਸ ਵਧੇ ਹਨ ਅਤੇ ਸਰਗਰਮ ਕੇਸਾਂ ਦੀ ਗਿਣਤੀ 3,44,899 ਰਹੀ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਇਸ ਮਹਾਮਾਰੀ ਨੇ ਬੀਤੇ ਇੱਕ ਦਿਨ ਵਿੱਚ 496 ਲੋਕਾਂ ਦੀ ਜਾਨ ਲੈ ਲਈ ਹੈ। -ਪੀਟੀਆਈ
ਕਰੋਨਾ ਦਾ ਪੂਰਾ ਡੇਟਾ ਸਿਰਫ਼ ਕੇਰਲਾ ਕੋਲ: ਵਾਇਰੋਲੋਜਿਸਟ
ਤਿਰੂਵਨੰਤਪੁਰਮ: ਕੇਰਲਾ ਦੇਸ਼ ਦਾ ਕਰੋਨਾ ਤੋਂ ਸਭ ਤੋਂ ਵੱਧ ਪੀੜਤ ਸੂਬਾ ਹੈ, ਪਰ ਉੱਘੇ ਵਾਇਰੋਲੋਜਿਸਟ ਟੀ. ਜੈਕਬ ਜੌਹਨ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਉਸ ਕੋਲ ਮਹਾਮਾਰੀ ਦੀ ਪਹਿਲੀ ਲਹਿਰ ਤੋਂ ਲੈ ਕੇ ਅਖ਼ੀਰ ਤੱਕ ਕੋਵਿਡ-19 ਦਾ ਪੂਰਾ ਡੇਟਾ ਹੈ। ਡਾ. ਬੀ.ਸੀ. ਰੌਏ ਪੁਰਸਕਾਰ ਜੇਤੂ ਜੌਹਨ ਨੇ ਨਾਲ ਹੀ ਕਿਹਾ ਕਿ ਸੂਬਾ ਹਾਲਾਂਕਿ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਨਾਕਾਮ ਰਿਹਾ, ਜਿਸ ਨਾਲ ਡੈਲਟਾ ਕਿਸਮ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕੇਰਲਾ ਵਿੱਚ ਪ੍ਰਤੀ ਲੱਖ ਦੀ ਆਬਾਦੀ ਪਿੱਛੇ 11,141 ਲੋਕ ਕਰੋਨਾ ਪੀੜਤ ਹਨ, ਜਦੋਂਕਿ ਉਤਰ ਪ੍ਰਦੇਸ਼ ਵਿੱਚ ਇਹ ਗਿਣਤੀ 759 ਅਤੇ ਕਰਨਾਟਕ ਵਿੱਚ 4,473 ਹੈ। -ਆਈਏਐੱਨਐੱਸ