ਨਵੀਂ ਦਿੱਲੀ, 23 ਨਵੰਬਰ
ਭਾਰਤ ਵਿਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 91 ਲੱਖ ਤੋਂ ਵੱਧ ਗਈ ਹੈ। ਹਾਲਾਂਕਿ ਪਿਛਲੇ 16 ਦਿਨਾਂ ਦੌਰਾਨ ਰੋਜ਼ਾਨਾ 50 ਹਜ਼ਾਰ ਤੋਂ ਘੱਟ ਕੇਸ ਹੀ ਸਾਹਮਣੇ ਆਏ ਹਨ। ਲੰਘੇ 24 ਘੰਟਿਆਂ ਵਿਚ ਨਵੇਂ 44,059 ਕੇਸ ਸਾਹਮਣੇ ਆਏ ਹਨ। ਦਿੱਲੀ ਵਿਚ ਸਭ ਤੋਂ ਵੱਧ 6,746 ਤੇ ਮਹਾਰਾਸ਼ਟਰ ਵਿਚ 5,753 ਨਵੇਂ ਕੇਸ ਮਿਲੇ ਹਨ। ਕੇਰਲਾ ਵਿਚ ਵੀ ਲਾਗ ਦੇ ਨਵੇਂ 5254 ਕੇਸ ਮਿਲੇ ਹਨ। ਕੁੱਲ ਸਾਹਮਣੇ ਆਏ ਮਾਮਲਿਆਂ ਵਿਚੋਂ ਹੁਣ ਤੱਕ 85,62,641 ਜਣੇ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ ਸਾਹਮਣੇ ਆਏ ਕੇਸਾਂ ਦੀ ਗਿਣਤੀ 91,39,865 ਹੈ ਜਦਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,33,738 ਹੋ ਗਈ ਹੈ। ਲੰਘੇ 24 ਘੰਟਿਆਂ ਵਿਚ 511 ਮੌਤਾਂ ਹੋਈਆਂ ਹਨ। ਇਕੱਲੇ ਦਿੱਲੀ ਵਿਚ ਹੀ 121 ਮੌਤਾਂ ਹੋਈਆਂ ਹਨ। ਐਕਵਿਟ ਕੇਸਾਂ ਦੀ ਗਿਣਤੀ ਪੰਜ ਲੱਖ (4,43,486) ਤੋਂ ਘੱਟ ਹੈ। ਕੌਮੀ ਰਿਕਵਰੀ ਦਰ 93.68 ਪ੍ਰਤੀਸ਼ਤ ਹੈ। ਮੌਤ ਦਰ ਕਰੀਬ 1.46 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਆਈਸੀਐਮਆਰ ਮੁਤਾਬਕ 13.25 ਕਰੋੜ ਟੈਸਟ 22 ਨਵੰਬਰ ਤੱਕ ਕਰ ਲਏ ਗਏ ਹਨ। ਦਿੱਲੀ ਤੋਂ ਇਲਾਵਾ ਵਾਇਰਸ ਕਾਰਨ 50 ਮੌਤਾਂ ਮਹਾਰਾਸ਼ਟਰ ਵਿਚ, 49 ਪੱਛਮੀ ਬੰਗਾਲ ’ਚ, 35 ਉੱਤਰ ਪ੍ਰਦੇਸ਼ ਵਿਚ, 27 ਕੇਰਲਾ ਵਿਚ ਤੇ 25 ਹਰਿਆਣਾ ਵਿਚ ਹੋਈਆਂ ਹਨ। -ਪੀਟੀਆਈ
ਆਕਸਫੋਰਡ ’ਵਰਸਿਟੀ ਦੀ ਵੈਕਸੀਨ ਕੋਵਿਡ-19 ਤੋਂ ਬਚਾਅ ਲਈ ‘ਕਾਰਗਰ’
ਲੰਡਨ/ਨਵੀਂ ਦਿੱਲੀ: ਆਕਸਫੋਰਡ ’ਵਰਸਿਟੀ ਵਲੋਂ ਅੱਜ ਆਪਣੀ ਵੈਕਸੀਨ ਦੇ ਟਰਾਇਲ ਦੇ ਤੀਜੇ ਗੇੜ ਦੇ ਅੰਤਰਿਮ ਨਤੀਜੇ ਪੇਸ਼ ਕੀਤੇ ਗਏ, ਜਿਸ ਅਨੁਸਾਰ ਇਹ ਕੋਵਿਡ-19 ਤੋਂ ਬਚਾਅ ਲਈ ‘ਕਾਰਗਰ’ ਸਾਬਤ ਹੋਈ ਹੈ ਅਤੇ ਇਸ ਖ਼ਤਰਨਾਕ ਵਾਇਰਸ ਤੋਂ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕਰਦੀ ਹੈ। ਆਕਸੋਫਰਡ ਵਲੋਂ ਐਸਟ੍ਰਾਜ਼ੈਨਿਕਾ ਦੇ ਸਹਿਯੋਗ ਨਾਲ ਤਿਆਰ ਕੀਤਾ ਇਹ ਟੀਕਾ ਦੋ ਵਾਰ ਵੱਖ-ਵੱਖ ਢੰਗ ਨਾਲ ਡੋਜ਼ ਦਿੱਤੇ ਜਾਣ ’ਤੇ ਸਾਂਝੇ ਤੌਰ ’ਤੇ 70.4 ਫ਼ੀਸਦ ਕਾਰਗਰ ਪਾਇਆ ਗਿਆ ਹੈ। ਇਹ ਵੈਕਸੀਨ ਜੇਕਰ ਪਹਿਲੀ ਵਾਰ ਅੱਧੀ ਡੋਜ਼ ਅਤੇ ਦੂੁਜੀ ਵਾਰ ਪੂਰੀ ਡੋਜ਼ ਦਿੱਤੀ ਜਾਂਦੀ ਹੈ ਤਾਂ ਇਹ 90 ਫ਼ੀਸਦ ਕਾਰਗਰ ਹੈ ਪ੍ਰੰਤੂ ਜੇਕਰ ਇਹ ਦੋਵੇਂ ਵਾਰ ਪੂਰੀ-ਪੂਰੀ ਡੋਜ਼ ਦਿੱਤੀ ਜਾਂਦੀ ਹੈ ਤਾਂ ਇਹ 62 ਫ਼ੀਸਦ ਕਾਰਗਰ ਹੈ। ਆਕਸਫੋਰਡ ਵੈਕਸੀਨ ਸਮੂਹ ਦੇ ਨਿਰਦੇਸ਼ਕ ਅਤੇ ਆਕਸਫੋਰਡ ਵੈਕਸੀਨ ਟਰਾਇਲ ਦੇ ਮੁੱਖ ਜਾਂਚਕਰਤਾ ਪ੍ਰੋ. ਐਂਡਰਿਊ ਪੋਲਾਰਡ ਨੇ ਕਿਹਾ, ‘‘ਇਨ੍ਹਾਂ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ ਕਾਰਗਰ ਟੀਕਾ ਹੈ, ਜੋ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ। ਸਾਨੂੰ ਪਤਾ ਲੱਗਿਆ ਹੈ ਕਿ ਸਾਡਾ ਡੋਜ਼ ਦੇਣ ਦਾ ਇੱਕ ਤਰੀਕਾ ਕਰੀਬ 90 ਫ਼ੀਸਦ ਕਾਰਗਰ ਹੈ ਅਤੇ ਜੇਕਰ ਇਹ ਤਰੀਕਾ ਵਰਤਿਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਯੋਜਨਾਬੱਧ ਵੈਕਸੀਨ ਸਪਲਾਈ ਨਾਲ ਟੀਕਾਕਰਨ ਕੀਤਾ ਜਾ ਸਕਦਾ ਹੈ।’’ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀ ਨਤੀਜਿਆਂ ’ਤੇ ਤਸੱਲੀ ਪ੍ਰਗਟਾਈ ਹੈ। ਓਧਰ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਸੀਈਓ ਅਦਾਰ ਪੁਣਾਵਾਲਾ ਨੇ ਅੱਜ ਫਾਰਮਾ ਕੰਪਨੀ ਐਸਟ੍ਰਾਜ਼ੈਨਿਕਾ ਵਲੋਂ ਆਪਣੀ ਕੋਵਿਡ-19 ਵੈਕਸੀਨ ਦੀ ਕਾਰਗਰਤਾ ਐਲਾਨੇ ਜਾਣ ’ਤੇ ਖ਼ੁਸ਼ੀ ਪ੍ਰਗਟਾਈ ਹੈ। -ਪੀਟੀਆਈ
ਪੰਜਾਬ ਵਿਚ 17 ਹੋਰ ਮੌਤਾਂ
ਚੰਡੀਗੜ੍ਹ: ਪੰਜਾਬ ’ਚ ਕਰੋਨਾਵਾਇਰਸ ਨੇ ਪਿਛਲੇ ਚੌਵੀ ਘੰਟਿਆਂ ਦੌਰਾਨ 17 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸੇ ਤਰ੍ਹਾਂ ਇਕ ਦਿਨ ਦੌਰਾਨ 748 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਜ਼ਿਲ੍ਹਾਵਾਰ ਮੌਤਾਂ ਦੀ ਸਥਿਤੀ ਦੇਖੀ ਜਾਵੇ ਤਾਂ ਫਾਜ਼ਿਲਕਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ ਵਿੱਚ 2-2, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਮੁਕਤਸਰ ਤੇ ਮੁਹਾਲੀ ’ਚ ਇੱਕ-ਇੱਕ ਮੌਤ ਹੋਈ ਹੈ। -ਟਨਸ