ਨਵੀਂ ਦਿੱਲੀ, 1 ਜਨਵਰੀ
ਭਾਰਤ ਵਿਚ ਲਗਾਤਾਰ 19ਵੇਂ ਦਿਨ ਕਰੋਨਾਵਾਇਰਸ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ 30 ਹਜ਼ਾਰ ਤੋਂ ਘੱਟ ਰਹੀ ਹੈ। ਯੂਕੇ ਵਿਚ ਫ਼ੈਲੇ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਭਾਰਤ ’ਚ ਚਾਰ ਹੋਰ ਕੇਸ ਸਾਹਮਣੇ ਆਏ ਹਨ। ਨਵੇਂ ਸਟ੍ਰੇਨ ਦੇ ਹੁਣ ਤੱਕ 29 ਮਾਮਲੇ ਭਾਰਤ ਵਿਚ ਸਾਹਮਣੇ ਆ ਚੁੱਕੇ ਹਨ। ਇਹ ਕੇਸ ਦਿੱਲੀ, ਬੰਗਲੁਰੂ, ਹੈਦਰਾਬਾਦ ’ਚ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਸਾਰਿਆਂ ਨੂੰ ਸਿਹਤ ਕੇਂਦਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ ਤੇ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਹੁਣ ਤੱਕ ਭਾਰਤ ਵਿਚ ਕਰੋਨਾਵਾਇਰਸ ਦੇ ਕੁੱਲ 1,02,86,709 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ 98.83 ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ ਚੌਵੀ ਘੰਟਿਆਂ ਦੌਰਾਨ 20,035 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 256 ਮੌਤਾਂ ਹੋਈਆਂ ਹਨ। ਵਾਇਰਸ ਨਾਲ ਹੁਣ ਤੱਕ ਕੁੱਲ 1,48,994 ਮੌਤਾਂ ਹੋ ਚੁੱਕੀਆਂ ਹਨ। ਕੌਮੀ ਪੱਧਰ ’ਤੇ ਰਿਕਵਰੀ ਦਰ 96.08 ਪ੍ਰਤੀਸ਼ਤ ਹੋ ਗਈ ਹੈ ਜਦਕਿ ਮੌਤ ਦਰ 1.45 ਪ੍ਰਤੀਸ਼ਤ ਹੈ। ਐਕਟਿਵ ਕੇਸਾਂ ਦੀ ਗਿਣਤੀ 2,54,254 ਹੈ। ਲਗਾਤਾਰ 11ਵੇਂ ਦਿਨ ਇਲਾਜ ਅਧੀਨ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਘੱਟ ਰਹੀ ਹੈ। -ਪੀਟੀਆਈ
ਪੰਜਾਬ ’ਚ ਅੱਠ ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਕਰੋਨਾਵਾਇਰਸ ਨਾਲ ਤਿੰਨ-ਤਿੰਨ, ਜਲੰਧਰ ਤੇ ਮੁਹਾਲੀ ਵਿੱਚ ਇੱਕ-ਇੱਕ ਮੌਤ ਹੋਈ ਹੈ। ਲੰਘੇ 24 ਘੰਟਿਆਂ ਦੌਰਾਨ ਸੂਬੇ ਵਿੱਚ 253 ਨਵੇਂ ਮਾਮਲੇ ਸਾਹਮਣੇ ਆਏ ਹਨ। 408 ਜਣੇ ਸਿਹਤਯਾਬ ਵੀ ਹੋਏ ਹਨ। ਸੂਬੇ ਵਿੱਚ ਹੁਣ ਤੱਕ ਮਹਾਮਾਰੀ ਨਾਲ ਕੁੱਲ 5349 ਮੌਤਾਂ ਹੋਈਆਂ ਹਨ।