ਨਵੀਂ ਦਿੱਲੀ, 4 ਸਤੰਬਰ
ਭਾਰਤ ’ਚ 30 ਲੱਖ ਤੋਂ ਵੱਧ ਮਰੀਜ਼ਾਂ ਨੇ ਹੁਣ ਤੱਕ ਕਰੋਨਾ ਲਾਗ ’ਤੇ ਫ਼ਤਹਿ ਹਾਸਲ ਕੀਤੀ ਹੈ ਜਿਸ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਦਰ 77 ਫ਼ੀਸਦੀ ਤੋਂ ਟੱਪ ਗਈ ਹੈ। ਇਸੇੇ ਦੌਰਾਨ ਅੱਜ ਲਗਾਤਾਰ ਦੂਜੇ ਦਿਨ 80 ਹਜ਼ਾਰ ਤੋਂ ਵੱਧ ਮਰੀਜ਼ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 39,36,747 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕੇਂਦਰ ਦੀ ‘ਟੈਸਟ-ਟਰੈਕ-ਟਰੀਟ’ ਨੀਤੀ ਨਾਲ ਕੋਵਿਡ ਕਾਰਨ ਕੇਸ ਵਾਧਾ ਦਰ ਅਤੇ ਮੌਤ ਦਰ ’ਚ ਘਟੀ ਹੈ। ਮੰਤਰਾਲੇ ਮੁਤਾਬਕ ਲਗਾਤਾਰ 8ਵੇਂ ਦਿਨ 60 ਹਜ਼ਾਰ ਤੋਂ ਵੱੱਧ ਮਰੀਜ਼ ਠੀਕ ਹੋਏ ਹਨ ਅਤੇ ਲੰਘੇ 24 ਘੰਟਿਆਂ ’ਚ 66,659 ਮਰੀਜ਼ ਠੀਕ ਹੋਣ ਨਾਲ ਰਿਕਵਰੀ ਦਰ 77.15 ਫ਼ੀਸਦੀ ਹੋ ਗਈ ਹੈ। ਹੁਣ ਤੱਕ 30,37,151 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸਿਹਤਯਾਬੀ ਦਰ ਲਗਾਤਾਰ ਵਧ ਰਹੀ ਹੈ। ਇਸੇ ਦੌਰਾਨ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 83,341 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 39,36,747 ਹੋ ਗਈ ਜਦਕਿ 1,096 ਸੱਜਰੀਆਂ ਮੌਤਾਂ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ ਦਾ 68,472 ਹੋ ਗਿਆ ਹੈ। ਇਸੇ ਦੌਰਾਨ ਕਰੋਨਾ ਕਾਰਨ ਮੌਤ ਦਰ ਵੀ ਘਟ ਕੇ 1.74 ਫ਼ੀਸਦੀ ’ਤੇ ਆ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ 8,31,124 ਸਰਗਰਮ ਮਰੀਜ਼ ਹਨ, ਜੋ ਕੁੱਲ ਕੇਸਾਂ ਦਾ 21.11 ਫ਼ੀਸਦੀ ਬਣਦੇ ਹਨ।
-ਪੀਟੀਆਈ
ਕਰੋਨਾ: ਸੰਸਦ ’ਚ ਦਾਖ਼ਲੇ ਲਈ ਨੈਗੇਟਿਵ ਰਿਪੋਰਟ ਲਾਜ਼ਮੀ
ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਇਜਲਾਸ ’ਚ ਹਾਜ਼ਰੀ ਭਰਨ ਲਈ ਸੰਸਦ ਮੈਂਬਰਾਂ, ਊਨ੍ਹਾਂ ਦੇ ਪਰਿਵਾਰ ਅਤੇ ਨੇੜਲੇ ਸੰਪਰਕਾਂ ਦੀਆਂ ਰਿਪੋਰਟਾਂ ਨੈਗੇਟਿਵ ਹੋਣੀਆਂ ਚਾਹੀਦੀਆਂ ਹਨ। ਲੋਕ ਸਭਾ ਅਤੇ ਰਾਜ ਸਭਾ ਦੇ ਸਕੱਤਰੇਤਾਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੰਸਦ ਮੈਂਬਰਾਂ ਦੇ ਨੇੜਲੇ ਸੰਪਰਕਾਂ ’ਚ ਪੀਏ, ਨਿੱਜੀ ਸਕੱਤਰ, ਡਰਾਈਵਰ ਅਤੇ ਨੌਕਰ ਸ਼ਾਮਲ ਹਨ। ਸੰਸਦ ਮੈਂਬਰਾਂ ਨੂੰ ਇਜਲਾਸ ਸ਼ੁਰੂ ਹੋਣ ਦੇ 72 ਘੰਟੇ ਪਹਿਲਾਂ ਕਰੋਨਾ ਟੈਸਟ ਕਰਾਊਣਾ ਪਵੇਗਾ ਜੋ ਊਨ੍ਹਾਂ ਦੇ ਹਲਕੇ ਜਾਂ ਸੰਸਦੀ ਕੰਪਲੈਕਸ ’ਚ ਵੀ ਕਰਵਾਇਆ ਜਾ ਸਕਦਾ ਹੈ। ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰੋਨਾ ਪਾਜ਼ੇਟਿਵ ਆਊਣ ’ਤੇ ਸੰਸਦ ਮੈਂਬਰਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਇਕਾਂਤਵਾਸ ਜਾਂ ਹਸਪਤਾਲ ’ਚ ਰਹਿਣਾ ਪਵੇਗਾ। ਪਰਿਵਾਰ ਜਾਂ ਅਮਲੇ ਦੇ ਮੈਂਬਰ ਦੇ ਕਰੋਨਾ ਪਾਜ਼ੇਟਿਵ ਹੋਣ ’ਤੇ ਸੰਸਦ ਮੈਂਬਰ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣਾ ਪਵੇਗਾ। ਦੋਵੇਂ ਸਦਨਾਂ ਦੇ ਮੈਂਬਰਾਂ ਨੂੰ ਮਾਸਕ ਪਹਿਣਨ ਦੇ ਨਾਲ ਨਾਲ ਛੇ ਫੁੱਟ ਦੀ ਸਰੀਰਕ ਦੂਰੀ ਅਤੇ ਸਮੇਂ ਸਮੇਂ ’ਤੇ ਹੱਥ ਧੋਣੇ ਪੈਣਗੇ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤਾਂ ਦੇ ਅਮਲੇ ਦੇ ਕੋਵਿਡ-19 ਟੈਸਟ ਸ਼ਨਿਚਰਵਾਰ ਤੋਂ ਸ਼ੁਰੂ ਹੋ ਜਾਣਗੇ।
-ਪੀਟੀਆਈ
ਮੂਰਥਲ ਦੇ ਦੋ ਢਾਬੇ ਸੀਲ
ਚੰਡੀਗੜ੍ਹ: ਮੂਰਥਲ ਦੇ ਦੋ ਅਮਰੀਕ-ਸੁਖਦੇਵ ਅਤੇ ਗਰਮ ਧਰਮ ਢਾਬਿਆਂ ਦੇ 75 ਕਾਮੇ ਪਾਜ਼ੇਟਿਵ ਪਾਏ ਜਾਣ ਮਗਰੋਂ ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਦੋਵੇਂ ਢਾਬੇ ਸੀਲ ਕਰ ਦਿੱਤੇ ਗਏ ਸਨ। ਸੋਨੀਪਤ ਦੇ ਡੀਸੀ ਸ਼ਿਆਮ ਲਾਲ ਪੁਨੀਆ ਨੇ ਦੱਸਿਆ ਕਿ ਉਕਤ ਢਾਬਿਆਂ ਦੇ ਕਾਮਿਆਂ ਦੇ ਸੰਪਰਕ ’ਚ ਆਏ ਲੋਕਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ ਹੈ ਅਤੇ ਹੋਰ ਢਾਬਿਆਂ ’ਤੋਂ ਵੀ ਸੈਂਪਲ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
-ਪੀਟੀਆਈ