ਭੁਬਨੇਸ਼ਵਰ, 19 ਜੁਲਾਈ
ਮੌਨਸੂਨ ਅਤੇ ਊਸ ਤੋਂ ਬਾਅਦ ਸਰਦੀਆਂ ਦਾ ਮੌਸਮ ਭਾਰਤ ਲਈ ਵੱਡੀ ਚੁਣੌਤੀ ਹਨ ਕਿਊਂਕਿ ਇਸ ਸਮੇਂ ਦੌਰਾਨ ਕਰੋਨਾਵਾਇਰਸ ਹੋਰ ਫੈਲ ਸਕਦਾ ਹੈ। ਭੁਬਨੇਸ਼ਵਰ ਦੇ ਆਈਆਈਟੀ ਅਤੇ ਏਮਜ਼ ਹਸਪਤਾਲ ਦੇ ਖੋਜੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਊਂਜ ਅਧਿਐਨ ਮੁਤਾਬਕ ਤਾਪਮਾਨ ’ਚ ਇਕ ਡਿਗਰੀ ਦੇ ਵਾਧੇ ਨਾਲ ਕਰੋਨਾ ਦੇ ਕੇਸਾਂ ’ਚ 0.99 ਫ਼ੀਸਦ ਦੀ ਕਮੀ ਆਊਂਦੀ ਹੈ। ਅਧਿਐਨ ਦੌਰਾਨ ਕਰੋਨਾ ਤੇ ਤਾਪਮਾਨ, ਹੁੰਮਸ ਅਤੇ ਸੂਰਜੀ ਕਿਰਨਾਂ ਵਿਚਕਾਰਲੇ ਸਬੰਧਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ। ਅਧਿਐਨ ਮਤਾਬਕ ਹੁੰਮਸ ਨਾਲ ਕਰੋਨਾ ਦੇ ਕੇਸਾਂ ਦੀ ਵਧੇਰੇ ਵਿਕਾਸ ਦਰ ਦੇਖੀ ਗਈ ਅਤੇ ਦੁੱਗਣੇ ਹੋਣ ਦਾ ਸਮਾਂ ਘੱਟ ਗਿਆ। ਖੋਜੀਆਂ ਨੇ ਸਾਹ ਨਾਲ ਸਬੰਧਤ ਵਾਇਰਲ ਵਾਲੀਆਂ ਪਿਛਲੀਆਂ ਬਿਮਾਰੀਆਂ ਦੇ ਅਧਿਐਨ ’ਚ ਪਾਇਆ ਕਿ ਊਨ੍ਹਾਂ ਦੇ ਫੈਲਾਅ ’ਚ ਮੌਸਮਾਂ ਦੀ ਭੂਮਿਕਾ ਅਹਿਮ ਰਹੀ। ਇਹ ਅਧਿਐਨ ਊਸ ਸਮੇਂ ਆਇਆ ਹੈ ਜਦੋਂ ਮੁਲਕ ’ਚ ਕਰੋਨਾਵਾਇਰਸ ਦੇ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। -ਆਈਏਐਨਐਸ