ਕਰੋਨਾ: ਪੰਜਾਬ ਸਣੇ 7 ਰਾਜਾਂ ਨਾਲ ਮੋਦੀ ਦੀ ਮੀਟਿੰਗ ਅੱਜ

ਕਰੋਨਾ: ਪੰਜਾਬ ਸਣੇ 7 ਰਾਜਾਂ ਨਾਲ ਮੋਦੀ ਦੀ ਮੀਟਿੰਗ ਅੱਜ

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ/ਚੰਡੀਗੜ੍ਹ, 22 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਪੰਜਾਬ ਸਣੇ ਦੇਸ਼ ਵਿੱਚ ਕਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਸੱਤ ਰਾਜਾਂ ਦੇ ਹਾਲਾਤ ਦੀ ਸਮੀਖਿਆ ਕਰਨਗੇ। ਹੋਰਨਾਂ ਰਾਜਾਂ ਵਿੱਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਦਿੱਲੀ ਸ਼ਾਮਲ ਹਨ। ਇਨ੍ਹਾਂ ਰਾਜਾਂ ਵਿੱਚ ਕਰੋਨਾ ਕਰਕੇ ਮਰਨ ਵਾਲੇ ਤੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੂਜੇ ਰਾਜਾਂ ਦੇ ਮੁਕਾਬਲੇ ਵੱਧ ਹੈ। ਪ੍ਰਧਾਨ ਮੰਤਰੀ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਨਗੇ। ਦੇਸ਼ ਦੇ 63 ਪ੍ਰਤੀਸ਼ਤ ਤੋਂ ਵੱਧ ਕੇਸ ਇਨ੍ਹਾਂ ਸੱਤ ਰਾਜਾਂ ਵਿੱਚ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕ ਦੀ ਇਸ ਮੀਟਿੰਗ ਦੌਰਾਨ ਦੂਜੇ ਸੂਬਿਆਂ ਤੋਂ ਆਕਸੀਜਨ ਸਪਲਾਈ ਵਧਾਉਣ ਦਾ ਮਾਮਲਾ ਉਠਾਉਣਗੇ। ਉਹ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਨ ਸਬੰਧੀ ਅਪੀਲ ਕਰਨਗੇ ਕਿਉਂਕਿ ਇਹ ਸੂਬੇ ਪੰਜਾਬ ਲਈ ਮੈਡੀਕਲ ਆਕਸੀਜਨ ਸਪਲਾਈ ਦੇ ਮੁੱਖ ਸਰੋਤ ਹਨ।

ਮੁੱਖ ਮੰਤਰੀ ਨੇ ਅੱਜ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਆਉਂਦੇ ਹਫਤਿਆਂ ’ਚ ਕੋਵਿਡ ਕੇਸਾਂ ਦੀ ਗਿਣਤੀ ’ਚ ਵਾਧਾ ਹੋਣ ਅਤੇ ਕੌਮੀ ਔਸਤ ਨਾਲੋਂ ਪੰਜਾਬ ਵਿਚ ਕੋਵਿਡ ਨਾਲ ਮੌਤਾਂ ਦੀ ਦਰ ਵਧਣ ’ਤੇ ਫ਼ਿਕਰ ਜ਼ਾਹਿਰ ਕੀਤਾ ਹੈ। ਉਨ੍ਹਾਂ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਸਹੂਲਤਾਂ ਵਧਾਉਣ ਅਤੇ ਆਕਸੀਜਨ ਦੀ ਪੂਰਤੀ ਯਕੀਨੀ ਬਣਾਉਣ ਲਈ ਸੂਬੇ ਦੇ ਅੰਦਰੋਂ-ਬਾਹਰੋਂ ਮੈਡੀਕਲ ਆਕਸੀਜਨ ਸਪਲਾਈ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੇਸ ਮੌਤ ਦਰ ਮੌਜੂਦਾ ਸਮੇਂ 2.89 ਫ਼ੀਸਦੀ ਹੈ ਅਤੇ ਤੇਜ਼ੀ ਨਾਲ ਥੱਲੇ ਆ ਰਹੀ ਹੈ, ਪਰ ਅਜੇ ਕੌਮੀ ਔਸਤ ਨਾਲੋਂ ਵਧ ਹੈ ਅਤੇ 13 ਜ਼ਿਲ੍ਹਿਆਂ ਵਿੱਚੋਂ ਇਹ ਅੰਕੜੇ ਸਭ ਤੋਂ ਵੱਧ ਹਨ। ਡਾ. ਕੇ.ਕੇ.ਤਲਵਾੜ ਨੇ ਪੂਰੇ ਸੂਬੇ ਵਿੱਚ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਜ਼ੋਰ ਦਿੱਤਾ। ਕੈਬਨਿਟ ਮੰਤਰੀ ਬਲਬੀਰ ਸਿੱਧੂ ਅਤੇ ਓ.ਪੀ.ਸੋਨੀ ਨੇ ਜ਼ੋਰ ਦਿੱਤਾ ਕਿ ਆਕਸੀਜਨ ਉਦਯੋਗਾਂ ਪਾਸੋਂ ਲੈ ਲਈ ਜਾਵੇ ਜਦੋਂਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਰੁੜਕੇਲਾ ਤੋਂ ਆਕਸੀਜਨ ਹਾਸਲ ਕਰਨ ਲਈ ਵੀ ਯਤਨ ਚੱਲ ਰਹੇ ਹਨ। ਮੁੱਖ ਮੀਟਿੰਗ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕੋਵਿਡ ਮਰੀਜ਼ਾਂ ਲਈ ‘ਕੋਵਿਡ ਫ਼ਤਹਿ ਕਿੱਟ’ ਦੀ ਸ਼ੁਰੂਆਤ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਬਾਇਓਟੈੱਕ ਲਿਮਟਿਡ ਵੱਲੋਂ ਆਈਸੀਐੱਮਆਰ ਦੇ ਸਹਿਯੋਗ ਨਾਲ ਪਰਖ ਅਧੀਨ ਕੋਵੈਕਸੀਨ ਦੇ ਤੀਜੇ ਪੜਾਅ ਵਿੱਚ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਇਸ ਦੇ ਟਰਾਇਲ ਵਿੱਚ ਹਿੱਸਾ ਲੈਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All