ਨਵੀਂ ਦਿੱਲੀ, 26 ਜੁੁਲਾਈ
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਇਡਾ, ਮੁੰਬਈ ਤੇ ਕੋਲਕਾਤਾ ਵਿੱਚ ਸੋਮਵਾਰ ਨੂੰ ਕੋਵਿਡ-19 ਦੀ ਉੱਚ ਮਿਆਰੀ ਜਾਂਚ ਲੈਬਾਰਟਰੀਆਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਨਾਲ ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਧੇਗੀ ਅਤੇ ਬਿਮਾਰੀ ਦਾ ਛੇਤੀ ਪਤਾ ਲਾਉਣ ਤੇ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।
ਇਸ ਡਿਜੀਟਲ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊੱਧਵ ਠਾਕਰੇ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸ਼ਾਮਲ ਹੋਣਗੇ। ਇਹ ਤਿੰਨ ਉੱਚ ਮਿਆਰੀ ਜਾਂਚ ਸਹੂਲਤ ਕੇਂਦਰ ਆਈਸੀਐੱਮਆਰ ਸੰਸਥਾਵਾਂ ਜਿਵੇਂ ਕੌਮੀ ਕੈਂਸਰ ਰੋਕਥਾਮ ਤੇ ਖੋਜ ਸੰਸਥਾ ਨੋਇਡਾ, ਕੌਮੀ ਜਣਨ ਸਿਹਤ ਖੋਜ ਸੰਸਥਾ ਮੁੰਬਈ ਅਤੇ ਕੌਮੀ ਹੈਜ਼ਾ ਤੇ ਅੰਤੜੀ ਰੋਗ ਸੰਸਥਾ ਕੋਲਕਾਤਾ ਵਿੱਚ ਸਥਾਪਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਇਹ ਕੇਂਦਰ ਇਕ ਦਿਨ ਵਿੱਚ 10,000 ਸੈਂਪਲਾਂ ਦੀ ਜਾਂਚ ਕਰਨ ਦੇ ਸਮਰੱਥ ਹੋਣਗੇ। ਇਹ ਲੈਬਾਰਟਰੀਆਂ ਜਿੱਥੇ ਜਾਂਚ ਦਾ ਸਮਾਂ ਘਟਾਉਣਗੀਆਂ ਉੱਥੇ ਹੀ ਲੈਬਾਰਟਰੀ ਦੇ ਮੁਲਾਜ਼ਮਾਂ ਦਾ ਲਾਗ ਪ੍ਰਭਾਵਿਤ ਸਮੱਗਰੀ ਦੇ ਸੰਪਰਕ ’ਚ ਆਉਣ ਦਾ ਖ਼ਤਰਾ ਵੀ ਘਟੇਗਾ। ਇਨ੍ਹਾਂ ਲੈਬਾਰਟਰੀਆਂ ਵਿੱਚ ਕਰੋਨਾਵਾਇਰਸ ਤੋ ਇਲਾਵਾ ਹੈਪੇਟਾਈਟਸ ਬੀ ਤੇ ਸੀ, ਐੱਚਆਈਵੀ, ਟੀਬੀ ਤੇ ਡੇਂਗੂ ਆਦਿ ਬਿਮਾਰੀਆਂ ਦੇ ਟੈਸਟ ਵੀ ਸੰਭਵ ਹੋਣਗੇ। -ਪੀਟੀਆਈ