ਨਵੀਂ ਦਿੱਲੀ, 28 ਮਈ
ਭਾਰਤ ਵਿੱਚ ਕਰੋਨਾਵਾਇਰਸ ਦੇ ਰੋਜ਼ਾਨਾ ਰਿਪੋਰਟ ਹੁੰਦੇ ਨਵੇਂ ਕੇਸਾਂ ਦੀ ਗਿਣਤੀ ਮਈ ਮਹੀਨੇ ਵਿੱਚ ਅੱਜ ਦੂਜੀ ਵਾਰ 2 ਲੱਖ ਦੇ ਅੰਕੜੇ ਤੋਂ ਘੱਟ ਰਹੀ ਹੈ, ਜਦੋਂਕਿ ਅੱਜ ਲਗਾਤਾਰ 15ਵਾਂ ਦਿਨ ਹੈ ਜਦੋਂ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੇਸਾਂ ਨਾਲੋਂ ਵੱਧ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੀ ਲਾਗ ਦੇ 1,86,364 ਨਵੇਂ ਕੇਸ ਰਿਪੋਰਟ ਹੋਏ ਹਨ, ਜੋ ਕਿ ਪਿਛਲੇ 44 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਇਨ੍ਹਾਂ 1.86 ਲੱਖ ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 2,75,55,457 ਹੋ ਗਈ ਹੈ। ਉਂਜ ਇਸੇ ਅਰਸੇ ਦੌਰਾਨ ਕਰੋਨਾ ਨਾਲ 3660 ਹੋਰ ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ 3,18,895 ਦੇ ਅੰਕੜੇ ਨੂੰ ਅੱਪੜ ਗਈ ਹੈ। ਇਸ ਤੋਂ ਪਹਿਲਾਂ 25 ਮਈ ਨੂੰ ਕੋਵਿਡ-19 ਦੇ ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦੀ ਗਿਣਤੀ 2 ਲੱਖ ਤੋਂ ਘੱਟ ਦਰਜ ਕੀਤੀ ਗਈ ਸੀ। ਆਈਸੀਐੱਮਆਰ ਨੇ ਵੀਰਵਾਰ 20,70,508 ਟੈਸਟਾਂ ਨਾਲ ਹੁਣ ਤੱਕ ਪੂਰੇ ਦੇਸ਼ ਵਿੱਚ 33,90,39,861 ਲੋਕਾਂ ਦੇ ਕਰੋਨਾ ਲਈ ਨਮੂਨਿਆਂ ਦੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 23,43,152 ਰਹਿ ਗਈ ਹੈ, ਜੋ ਕੁੱਲ ਕੇਸ ਲੋਡ ਦਾ 8.50 ਫੀਸਦ ਹੈ। ਪਿਛਲੇ 24 ਘੰਟਿਆਂ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਵਿੱਚ 76,755 ਕੇਸਾਂ ਦਾ ਨਿਘਾਰ ਵੇਖਣ ਨੂੰ ਮਿਲਿਆ ਹੈ। ਕੋਵਿਡ-19 ਦੀ ਕੌਮੀ ਰਿਕਵਰੀ (ਸਿਹਤਯਾਬੀ) 90.34 ਫੀਸਦ ਹੈ ਜਦੋਂਕਿ ਪਾਜ਼ੇਟਿਵਿਟੀ ਦਰ ਘਟ ਕੇ 9 ਫੀਸਦ ਰਹਿ ਗਈ ਹੈ। ਪਿਛਲੇ ਚਾਰ ਦਿਨਾਂ ’ਚ ਇਹ ਲਗਾਤਾਰ 10 ਫੀਸਦ ਤੋਂ ਘੱਟ ਰਹੀ ਹੈ। ਹੁਣ ਤੱਕ 2,48,93,410 ਵਿਅਕਤੀ ਕਰੋਨਾ ਦੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ ਤੇ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਵਧ ਕੇ 1.16 ਫੀਸਦ ਹੋ ਗਈ ਹੈ। ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਰਿਪੋਰਟ ਹੋਈਆਂ 3660 ਹੋਰ ਮੌਤਾਂ ਵਿੱਚੋਂ ਮਹਾਰਾਸ਼ਟਰ ਵਿੱਚ 884, ਕਰਨਾਟਕ 476, ਤਾਮਿਲ ਨਾਡੂ 474, ਉੱਤਰ ਪ੍ਰਦੇਸ਼ 187, ਕੇਰਲਾ 181, ਪੰਜਾਬ 177, ਪੱਛਮੀ ਬੰਗਾਲ 148, ਦਿੱਲੀ 117 ਤੇ ਆਂਧਰਾ ਪ੍ਰਦੇਸ਼ ਵਿੱਚ 117 ਵਿਅਕਤੀ ਦਮ ਤੋੜ ਗਏ। -ਪੀਟੀਆਈ
ਕਰੋਨਾ ਕਰ ਕੇ ਯਤੀਮ ਹੋਏ ਬੱਚਿਆਂ ਨੂੰ ਫੌਰੀ ਰਾਹਤ ਦੇਣ ਸੂਬੇ: ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਰੋਨਾ ਕਰ ਕੇ ਯਤੀਮ ਹੋਏ ਬੱਚਿਆਂ ਦਾ ਨੋਟਿਸ ਲੈਂਦਿਆਂ ਰਾਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਜਿਹੇ ਬੱਚਿਆਂ ਨੂੰ ਫੌਰੀ ਰਾਹਤ ਮੁਹੱਈਆ ਕਰਵਾਏ। ਜਸਟਿਸ ਐੱਲ.ਐੱਨ.ਰਾਓ ਤੇ ਜਸਟਿਸ ਅਨਿਰੁੱਧ ਬੋਸ ਦੇ ਵੈਕੇਸ਼ਨ ਬੈਂਚ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਤੀਮ ਬੱਚਿਆਂ ਦੀ ਪਛਾਣ ਕਰ ਕੇ, ਉਨ੍ਹਾਂ ਦੇ ਅੰਕੜੇ ਐੱਨਸੀਪੀਸੀਆਰ ਦੀ ਵੈੱਬਸਾਈਟ ’ਤੇ ਸ਼ਨਿੱਚਰਵਾਰ ਸ਼ਾਮ ਤੱਕ ਅਪਲੋਡ ਕਰਨ। ਇਹ ਹਦਾਇਤਾਂ ਅਦਾਲਤੀ ਮਿੱਤਰ ਗੌਰਵ ਅਗਰਵਾਲ ਵੱਲੋਂ ਦਾਇਰ ਅਰਜ਼ੀ ’ਤੇ ਕੀਤੀਆਂ ਹਨ। ਅਗਰਵਾਲ ਨੇ ਅਰਜ਼ੀ ਵਿੱਚ ਕਰੋਨਾ ਮਹਾਮਾਰੀ ਕਰ ਕੇ ਯਤੀਮ ਹੋਏ ਬੱਚਿਆਂ ਦੀ ਸ਼ਨਾਖ਼ਤ ਕਰਨ ਤੇ ਇਨ੍ਹਾਂ ਨੂੰ ਸੂਬਾ ਸਰਕਾਰਾਂ ਵੱਲੋਂ ਫੌਰੀ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ ਸੀ। -ਪੀਟੀਆਈ
ਦਿੱਲੀ ’ਚ ਪਹਿਲੀ ਤੋਂ ਬਾਅਦ ਪੜਾਅਵਾਰ ਖੁੱਲ੍ਹੇਗਾ ਲੌਕਡਾਊਨ: ਕੇਜਰੀਵਾਲ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ 1 ਜੂਨ ਤੋਂ ਫੈਕਟਰੀਆਂ ਤੇ ਨਿਰਮਾਣ ਗਤੀਵਿਧੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਦੋ ਕਰੋੜ ਲੋਕਾਂ ਨੇ ਮਿਲ ਕੇ ਕਰੋਨਾ ਦੀ ਦੂਜੀ ਲਹਿਰ ਨੂੰ ਪਛਾੜ ਦਿੱਤਾ ਹੈ। ਦਿੱਲੀ ਵਿੱਚ ਲਾਗ ਦਰ ਹੁਣ 1.5 ਫੀਸਦ ’ਤੇ ਆ ਗਈ ਹੈ। ਅੱਜ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਦੀ ਬੈਠਕ ਲੈਫਟੀਨੈਂਟ ਗਵਰਨਰ ਦੀ ਪ੍ਰਧਾਨਗੀ ਹੇਠ ਹੋਈ ਤੇ ਫੈਕਟਰੀਆਂ ਤੇ ਉਸਾਰੀ ਗਤੀਵਿਧੀਆਂ ਪੜਾਅਵਾਰ ਇਕ ਹਫ਼ਤੇ ਲਈ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਕੇਜਰੀਵਾਲ ਨੇ ਕਿਹਾ, ‘ਜਨਤਾ ਦੇ ਸੁਝਾਵਾਂ ’ਤੇ ਅਸੀਂ ਹੌਲੀ ਹੌਲੀ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਜਾਰੀ ਰੱਖਾਂਗੇ। ਅਜਿਹਾ ਨਹੀਂ ਹੋਣਾ ਚਾਹੀਦਾ ਹੈ ਕਿ ਲੌਕਡਾਊਨ ਤੁਰੰਤ ਖੋਲ੍ਹਣ ਨਾਲ ਕਰੋਨਾ ਫਿਰ ਵਧਣ ਲੱਗ ਪਵੇ। ਜੇ ਅਜਿਹਾ ਹੁੰਦਾ ਹੈ ਤਾਂ ਸਾਡੇ ਕੋਲ ਦੁਬਾਰਾ ਲੌਕਡਾਊਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ।’ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਦੇ ਕੇਸ ਨਿਰੰਤਰ ਘਟ ਰਹੇ ਹਨ। ਇਹ ਸਭ ਦਿੱਲੀ ਦੇ ਦੋ ਕਰੋੜ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਮਿਲ ਕੇ ਇੱਕ ਮਹੀਨੇ ਦੇ ਅੰਦਰ-ਅੰਦਰ ਦਿੱਲੀ ਵਿੱਚ ਇਸ ਦੂਜੀ ਲਹਿਰ ਨੂੰ ਪਾਰ ਕਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਲਗਭਗ 1.5 ਫੀਸਦ ਲਾਗ ਦਰ ਹੋਈ ਹੈ ਤੇ ਲਗਭਗ 1100 ਮਾਮਲੇ ਹਨ। ਹੌਲੀ-ਹੌਲੀ ਕਰੋਨਾ ਦੇ ਕੇਸ ਰੋਜ਼ਾਨਾ ਘਟ ਰਹੇ ਹਨ ਤੇ ਲਾਗ ਦੀ ਦਰ ਵੀ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਹਸਪਤਾਲਾਂ ’ਚ ਬੈੱਡਾਂ ਦੀ ਕੋਈ ਸਮੱਸਿਆ ਨਹੀਂ ਹੈ।
ਰਾਜਾਂ ਤੇ ਯੂਟੀਜ਼ ਕੋਲ 1.84 ਕਰੋੜ ਤੋਂ ਵੱਧ ਕਰੋਨਾ ਵੈਕਸੀਨ ਦੀਆਂ ਖੁਰਾਕਾਂ ਉਪਲੱਬਧ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਇਸ ਵੇਲੇ ਕਰੋਨਾਵਾਇਰਸ ਵੈਕਸੀਨ ਦੀਆਂ 1.84 ਕਰੋੜ ਖੁਰਾਕਾਂ ਮੌਜੂਦ ਹਨ ਤੇ ਅਗਲੇ ਤਿੰਨ ਮਹੀਨਿਆਂ ਵਿੱਚ ਤਿੰਨ ਲੱਖ ਹੋਰ ਖੁਰਾਕਾਂ ਉਨ੍ਹਾਂ ਤੱਕ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ। ਕੇਂਦਰ ਸਰਕਾਰ ਹੁਣ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 22.46 ਕਰੋੜ ਖੁਰਾਕਾਂ ਮੁਹੱਈਆ ਕਰਵਾ ਚੁੱਕੀ ਹੈ। ਇਨ੍ਹਾਂ ਵਿੱਚੋਂ ਹੁਣ ਤੱਕ 20,48,04,853 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ ਤੇ ਇਸ ਵਿੱਚ ਨੁਕਸਾਨੀਆਂ ਗਈਆਂ ਖੁਰਾਕਾਂ ਦਾ ਅੰਕੜਾ ਵੀ ਸ਼ਾਮਲ ਹੈ। -ਪੀਟੀਆਈ
ਪੰਜਾਬਵਿੱਚ ਕਰੋਨਾ ਕਾਰਨ 148 ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 148 ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 14,180 ਹੋ ਗਈ ਹੈ। ਹੁਣ ਤੱਕ 5.59 ਲੱਖ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ 5 ਲੱਖ ਤੋਂ ਵੱਧ ਵਿਅਕਤੀ ਤੰਦਰੁਸਤ ਹੋਏ ਹਨ। ਇਸ ਵੇਲੇ 44,964 ਵਿਅਕਤੀ ਇਲਾਜ ਅਧੀਨ ਹਨ। ਅੰਮ੍ਰਿਤਸਰ ’ਚ 19, ਸੰਗਰੂਰ ’ਚ 13, ਜਲੰਧਰ ’ਚ 10, ਪਟਿਆਲਾ ’ਚ 9, ਮੁਕਤਸਰ ਤੇ ਬਠਿੰਡਾ ’ਚ 7-7, ਮੁਹਾਲੀ, ਫਰੀਦਕੋਟ ਤੇ ਮਾਨਸਾ ’ਚ 6-6, ਫਾਜ਼ਿਲਕਾ, ਫਿਰੋਜ਼ਪੁਰ ਤੇ ਗੁਰਦਾਸਪੁਰ ’ਚ 5-5, ਤਰਨ ਤਾਰਨ, ਫਤਿਹਗੜ੍ਹ ਸਾਹਿਬ, ਕਪੂਰਥਲਾ, ਪਠਾਨਕੋਟ ਤੇ ਰੋਪੜ ’ਚ 4-4, ਹੁਸ਼ਿਆਰਪੁਰ ’ਚ 3, ਬਰਨਾਲਾ ਤੇ ਨਵਾਂਸ਼ਹਿਰ ’ਚ 2-2 ਮੌਤਾਂ ਹੋਈਆਂ ਹਨ।