ਨਵੀਂ ਦਿੱਲੀ, 16 ਜਨਵਰੀ
ਭਾਰਤ ’ਚ ਕਰੋਨਾ ਲਾਗ ਦੇ 15,158 ਨਵੇਂ ਕੇਸ ਮਿਲਣ ਨਾਲ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 1,05,42,841 ਹੋ ਗਈ ਹੈ ਜਦਕਿ 1,01,79,715 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ 175 ਹੋਰ ਮੌਤਾਂ ਨਾਲ ਕਰੋਨਾ ਲਾਗ ਕਾਰਨ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1,52,093 ਹੋ ਗਿਆ ਹੈ। ਅੰਕੜਿਆਂ ਮੁਤਾਬਕ ਹੁਣ ਤਕ ਕਰੋਨਾ ਦੇ 1,01,79,715 ਮਰੀਜ਼ ਠੀਕ ਹੋਣ ਸਦਕਾ ਕੌਮੀ ਸਿਹਤਯਾਬੀ ਦਰ ਵਧ ਕੇ 96.56 ਫ਼ੀਸਦੀ ਹੋ ਗਈ ਹੈ। ਕਰੋਨਾ ਮੌਤ ਦਰ 1.44 ਫ਼ੀਸਦੀ ’ਤੇ ਟਿਕੀ ਹੋਈ ਹੈ। ਦੂਜੇ ਪਾਸੇ ਅੱਜ ਵੀ ਸਰਗਰਮ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਹੇਠਾਂ ਰਹੀ। ਦੇਸ਼ ਵਿੱਚ ਹੁਣ ਤਕ ਕਰੋਨਾ ਦੇ 2,11,033 ਸਰਗਰਮ ਕੇਸ ਹਨ, ਜੋ ਕੁੱਲ ਕੇਸਾਂ ਦਾ ਮਹਿਜ਼ 2 ਫ਼ੀਸਦੀ ਹਿੱਸਾ ਹਨ। -ਪੀਟੀਆਈ
ਪੰਜਾਬ ਵਿੱਚ 14 ਹੋਰ ਮੌਤਾਂ
ਚੰਡੀਗੜ੍ਹ, (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਕਰੋਨਾਵਾਇਰਸ ਨੇ ਲੰਘੇ 24 ਘੰਟਿਆਂ ਦੌਰਾਨ 14 ਵਿਅਕਤੀਆਂ ਦੀ ਜਾਨ ਲੈ ਲਈ। ਜਲੰਧਰ ’ਚ 4, ਮੁਹਾਲੀ ਤੇ ਹੁਸ਼ਿਆਰਪੁਰ ’ਚ 2-2 ਜਦਕਿ ਅੰਮ੍ਰਿਤਸਰ, ਪਠਾਨਕੋਟ, ਬਠਿੰਡਾ, ਫਾਜ਼ਿਲਕਾ, ਫ਼ਿਰੋਜ਼ਪੁਰ, ਗੁਰਦਾਸਪੁਰ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਲੰਘੇ 24 ਘੰਟਿਆਂ ਦੌਰਾਨ ਸੂਬੇ ਅੰਦਰ ਕਰੋਨਾ ਲਾਗ ਦੇ 176 ਨਵੇਂ ਕੇਸ ਸਾਹਮਣੇ ਆਏ ਹਨ।