ਨਵੀਂ ਦਿੱਲੀ, 5 ਜਨਵਰੀ
ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾ ਦੇ ਹਲਕੇ ਜਾਂ ਬਿਨਾਂ ਲੱਛਣਾਂ ਵਾਲੇ ਕੇਸਾਂ ’ਚ ਘਰੇਲੂ ਇਕਾਂਤਵਾਸ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਾਜ਼ੇਟਿਵ ਹੋਣ ਦੇ ਸੱਤ ਦਿਨਾਂ ਬਾਅਦ ਅਤੇ ਲਗਾਤਾਰ ਤਿੰਨ ਦਿਨ ਤੋਂ ਬੁਖਾਰ ਨਾ ਹੋਣ ’ਤੇ ਘਰੇਲੂ ਇਕਾਂਤਵਾਸ ’ਚ ਰਹਿ ਰਹੇ ਲੋਕ ਕਰੋਨਾ ਤੋਂ ਮੁਕਤ ਕਰਾਰ ਦਿੱਤੇ ਜਾਣਗੇ। ਉਂਜ ਉਨ੍ਹਾਂ ਨੂੰ ਲਗਾਤਾਰ ਮਾਸਕ ਪਹਿਨ ਕੇ ਰੱਖਣਾ ਹੋਵੇਗਾ। ਘਰੇਲੂ ਇਕਾਂਤਵਾਸ ਖ਼ਤਮ ਹੋਣ ਮਗਰੋਂ ਕਰੋਨਾ ਦਾ ਟੈਸਟ ਦੁਬਾਰਾ ਕਰਾਉਣ ਦੀ ਲੋੜ ਨਹੀਂ ਹੈ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਪੀੜਤ ਦੇ ਸੰਪਰਕ ’ਚ ਆਉਣ ਵਾਲੇ ਬਿਨਾਂ ਲੱਛਣਾਂ ਵਾਲੇ ਵਿਅਕਤੀਆਂ ਨੂੰ ਕੋਵਿਡ ਟੈਸਟ ਕਰਾਉਣ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਖੁਦ ਹੀ ਦਵਾਈਆਂ ਲੈਣ, ਖੂਨ ਦੀ ਜਾਂਚ, ਐਕਸਰੇਅ ਜਾਂ ਸੀਟੀ ਸਕੈਨ ਕਰਾਉਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਕਿਹਾ ਹੈ ਕਿ ਕਰੋਨਾ ਦੇ ਕੇਸ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਹਨ ਅਤੇ ਓਮੀਕਰੋਨ ਤੇਜ਼ ਨਾਲ ਫੈਲ ਰਿਹਾ ਹੈ। ਦੇਸ਼ ’ਚ 15 ਤੋਂ 18 ਸਾਲ ਤੱਕ ਦੇ ਅੱਲ੍ਹੜਾਂ ’ਚ ਤਿੰਨ ਦਿਨਾਂ ਦੇ ਅੰਦਰ 1.06 ਟੀਕੇ ਲੱਗ ਚੁੱਕੇ ਹਨ। -ਪੀਟੀਆਈ
ਓਮੀਕਰੋਨ ਕਾਰਨ ਦੇਸ਼ ’ਚ ਪਹਿਲੀ ਮੌਤ
ਨਵੀਂ ਦਿੱਲੀ: ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਕਾਰਨ ਦੇਸ਼ ’ਚ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਰਾਜਸਥਾਨ ਦੇ ਉਦੈਪੁਰ ’ਚ 73 ਵਰ੍ਹਿਆਂ ਦੇ ਵਿਅਕਤੀ ਦੀ 31 ਦਸੰਬਰ ਨੂੰ ਮੌਤ ਹੋਈ ਸੀ। ਜੀਨੋਮ ਸੀਕੁਐਂਸਿੰਗ ਦੀ ਰਿਪੋਰਟ ਆਉਣ ’ਤੇ ਪਤਾ ਲੱਗਾ ਕਿ ਉਸ ’ਚ ਓਮੀਕਰੋਨ ਦੇ ਲੱਛਣ ਸਨ। ਉਦੈਪੁਰ ਦੇ ਮੁੱਖ ਮੈਡੀਕਲ ਸਿਹਤ ਅਧਿਕਾਰੀ ਡਾਕਟਰ ਦਿਨੇਸ਼ ਖਰਾੜੀ ਨੇ ਕਿਹਾ ਕਿ ਬਜ਼ੁਰਗ ਹੋਰ ਬਿਮਾਰੀਆਂ ਤੋਂ ਵੀ ਪੀੜਤ ਸੀ। ਉਹ 15 ਦਸੰਬਰ ਨੂੰ ਕਰੋਨਾ ਪਾਜ਼ੇਟਿਵ ਮਿਲਿਆ ਸੀ ਜਿਸ ਮਗਰੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। -ਪੀਟੀਆਈ