ਨਵੀਂ ਦਿੱਲੀ, 6 ਮਾਰਚ
ਕੇਂਦਰ ਸਰਕਾਰ ਨੇ ਪੰਜਾਬ ਅਤੇ ਮਹਾਰਾਸ਼ਟਰ ’ਚ ਕਰੋਨਾ ਲਾਗ ਦੇ ਕੇਸ ਮੁੜ ਵਧਣ ਦੇ ਮੱਦੇਨਜ਼ਰ ਦੋਵਾਂ ਸੂਬਿਆਂ ’ਚ ਉੱਚ ਪੱਧਰੀ ਬਹੁ-ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਭੇਜੀਆਂ ਹਨ। ਇਸੇ ਦੌਰਾਨ ਕੇਂਦਰ ਨੇ ਕੇਸਾਂ ’ਚ ਵਾਧੇ ਵਾਲੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ‘ਟੈਸਟ-ਟਰੈਕ-ਟਰੀਟ’ ਰਣਨੀਤੀ ਜਾਰੀ ਰੱਖਦਿਆਂ ਮੁੱਢਲੀ ਪਹਿਲ ਵਾਲੇ ਵਰਗਾਂ ਦੇ ਲੋਕਾਂ ਦਾ ਕਰੋਨਾ ਟੀਕਾਕਰਨ ਤੇਜ਼ ਕਰਨ ਲਈ ਆਖਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਸਬੰਧੀ ਨਿਗਰਾਨੀ, ਕੰਟਰੋਲ ਤੇ ਰੋਕਥਾਮ ਦੇ ਹੋਰ ਉਪਾਅ ਕਰਨ ਵਾਸਤੇ ਇਹ ਟੀਮਾਂ ਸੂਬਾਈ ਸਿਹਤ ਵਿਭਾਗਾਂ ਦੀ ਮਦਦ ਲਈ ਤੈਨਾਤ ਕੀਤੀਆਂ ਜਾਣਗੀਆਂ। ਮੰਤਰਾਲੇ ਮੁਤਾਬਕ ਪੰਜਾਬ ਵਿਚਲੀ ਟੀਮ ਦੀ ਅਗਵਾਈ ਕੌਮੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੇ ਡਾਇਰੈਕਟਰ ਐੱਸ.ਕੇ. ਸਿੰਘ ਜਦਕਿ ਮਹਾਰਸ਼ਟਰ ਵਾਲੀ ਟੀਮ ਦੀ ਅਗਵਾਈ ਐੱਮਓਐੱਚਐੱਫਡਬਲਿਊ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਸੀਨੀਅਰ ਸੀਐੱਮਓ ਪੀ. ਰਵਿੰਦਰਨ ਕਰਨਗੇ। ਮੰਤਰਾਲੇ ਨੇ ਦੱਸਿਆ ਕਿ ਇਹ ਟੀਮਾਂ ਸੂਬਿਆਂ ਵਿੱਚ ਸਭ ਤੋਂ ਵੱਧ ਕਰੋਨਾ ਕੇਸਾਂ ਵਾਲੇ (ਹੌਟਸਪੌਟ) ਖੇਤਰਾਂ ਦਾ ਦੌਰਾ ਕਰਕੇ ਕੇਸ ਵਧਣ ਦੇ ਕਾਰਨਾਂ ਦਾ ਪਤਾ ਲਾਉਣਗੀਆਂ। ਟੀਮਾਂ ਪੜਤਾਲ ਅਤੇ ਕਰੋਨਾ ਦੀ ਰੋਕਥਾਮ ਲਈ ਸਬੰਧਤ ਸੂਬਾ ਸਿਹਤ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਮੁੱਖ ਸਕੱਤਰ ਤੇ ਸਕੱਤਰ (ਸਿਹਤ) ਨੂੰ ਵੀ ਦੇਣਗੀਆਂ।
ਇਸੇ ਦੌਰਾਨ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਨੀਤੀ ਅਯੋਗ ਦੇ ਮੈਂਬਰ (ਸਿਹਤ) ਵਿਨੋਦ ਕੇ. ਪੌਲ ਨੇ ਅੱਜ ਹਰਿਆਣਾ, ਆਂਧਰਾ ਪ੍ਰਦੇਸ਼, ਉੜੀਸਾ, ਗੋਆ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੋਂ ਇਲਾਵਾ ਕੇਂਦਰੀ ਸ਼ਾਸਿਤ ਪ੍ਰਦੇਸ਼ ਦਿੱਲੀ ਤੇ ਚੰਡੀਗੜ੍ਹ ਦੇ ਸਿਹਤ ਸਕੱਤਰਾਂ ਅਤੇ ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਮਿਸ਼ਨ ਡਾਇਕਰੈਟਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਤੋਂ ਸੂਬਿਆਂ ਉਕਤ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾ ਰੋਕਥਾਮ ਦੇ ਉਪਾਆਂ ਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਮੁੱਢਲੀ ਪਹਿਲ ਵਾਲੇ ਸਮੂਹਾਂ ਦੇ ਲੋਕਾਂ ਦਾ ਕਰੋਨਾ ਟੀਕਾਕਰਨ ਤੇਜ਼ ਕਰਨ ਲਈ ਆਖਿਆ। -ਪੀਟੀਆਈ
ਦੇਸ਼ ’ਚ 18,327 ਨਵੇਂ ਕੇਸ
ਦੇਸ਼ ’ਚ ਕਰੋਨਾ ਲਾਗ ਦੇ 18,327 ਨਵੇਂ ਕੇਸ ਆਉਣ ਨਾਲ ਕੇਸਾਂ ਦੇ ਕੁੱਲ ਅੰਕੜਾ 1,11,92,088 ਹੋ ਗਿਆ ਹੈ। ਦੇਸ਼ ’ਚ 36 ਦਿਨਾਂ ਮਗਰੋਂ ਫਿਰ ਇੱਕੋ ਦਿਨ 18 ਹਜ਼ਾਰ ਤੋਂ ਵੱਧ ਕੇਸ ਮਿਲੇ ਹਨ। ਲੰਘੇ 24 ਘੰਟਿਆਂ ’ਚ ਸਭ ਤੋਂ ਵੱਧ ਕੇਸ ਪੰਜ ਸੂਬਿਆਂ ਪੰਜਾਬ, ਮਹਾਰਾਸ਼ਟਰ, ਕੇਰਲਾ, ਕਰਨਾਟਕ ਤੇ ਤਾਮਿਲ ਨਾਡੂ ’ਚ ਦਰਜ ਕੀਤੇ ਗਏ ਜੋ ਦੇਸ਼ ’ਚ ਇੱਕੋ ਦਿਨ ਦਰਜ ਉਕਤ ਕੁੱਲ ਕੇਸਾਂ ਦਾ 82 ਫ਼ੀਸਦੀ ਬਣਦੇ ਹਨ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਕਾਰਨ 108 ਹੋਰ ਮੌਤਾਂ ਹੋਣ ਕਰਕੇ ਮ੍ਰਿਤਕਾਂ ਦਾ ਅੰਕੜਾ 1,57,656 ਹੋ ਗਿਆ ਹੈ। ਦੇਸ਼ ’ਚ ਸਰਗਰਮ ਕੇਸ ਵਧ ਕੇ 1,80,304 (ਕੁੱਲ ਕੇਸਾਂ ਦਾ 1.61 ਫ਼ੀਸਦੀ) ਹੋ ਗਏ ਹਨ। ਹੁਣ ਤਕ 1,08,39,894 ਮਰੀਜ਼ ਠੀਕ ਹੋਣ ਸਦਕਾ ਸਿਹਤਯਾਬੀ ਦਰ 96.98 ਫ਼ੀਸਦੀ ਹੈ ਜਦਕਿ ਕਰੋਨਾ ਮੌਤ ਦਰ 1.41 ਫ਼ੀਸਦੀ ’ਤੇ ਟਿਕੀ ਹੋੋਈ ਹੈ। -ਪੀਟੀਆਈ
ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ’ਚ ਰਾਤ ਦਾ ਕਰਫਿਊ ਲਾਗੂ
ਜਲੰਧਰ: ਕਰੋਨਾਵਾਇਰਸ ਦੇ ਲਗਾਤਾਰ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਇਥੋਂ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅਗਲੇ ਹੁਕਮਾਂ ਤਕ ਜਲੰਧਰ ਤੇ ਕਪੂਰਥਲਾ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਕੁਝ ਸ਼੍ਰੇਣੀਆਂ ਨੂੰ ਉਨ੍ਹਾਂ ਦਾ ਕੰਮਕਾਜ ਜਾਰੀ ਰੱਖਣ ਲਈ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਡੀਸੀ ਨੇ ਸਮੁੱਚੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿੱਚ ਕਰਫਿਊ ਵਰਗੀ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।