ਨਵੀਂ ਦਿੱਲੀ, 6 ਅਗਸਤ
ਮੁਲਕ ਦੇ ਕੁਝ ਹਿੱਸਿਆਂ ਵਿੱਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦਿੱਲੀ ਤੇ ਛੇ ਹੋਰ ਸੂਬਿਆਂ ਨੂੰ ਲੋੜੀਂਦੀ ਟੈਸਟਿੰਗ ਯਕੀਨੀ ਬਣਾਉਣ, ਕੋਵਿਡ ਸਬੰਧੀ ਸਾਵਧਾਨੀਆਂ ਦੀ ਵਰਤੋਂ ਕਰਨ ਤੇ ਟੀਕਾਕਰਨ ਵਧਾਉਣ ਲਈ ਆਖਿਆ ਹੈ ਤਾਂ ਕਿ ਇਸ ਵਾਧੇ ਨੂੰ ਰੋਕਿਆ ਜਾ ਸਕੇ। ਦਿੱਲੀ, ਕੇਰਲ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਾਮਿਲਨਾਡੂ ਤੇ ਤਿਲੰਗਾਨਾ ਨੂੰ ਲਿਖੇ ਪੱਤਰ ’ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ’ਚ ਆਉਣ ਵਾਲੇ ਸਮੇਂ ’ਚ ਮਨਾਏ ਜਾਣ ਵਾਲੇ ਤਿਉਹਾਰਾਂ ਤੇ ਵੱਡੇ ਪੱਧਰ ’ਤੇ ਹੋਣ ਵਾਲੇ ਇਕੱਠਾਂ ਕਾਰਨ ਕੋਵਿਡ- 19 ਸਮੇਤ ਹੋਰ ਲਾਗ ਵਾਲੀਆਂ ਬਿਮਾਰੀਆਂ ਦੇ ਫੈਲਾਅ ’ਚ ਵਾਧਾ ਹੋ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸੂਬਿਆਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋੜੀਂਦੀ ਟੈਸਟਿੰਗ ਯਕੀਨੀ ਬਣਾਈ ਜਾਵੇ ਜਦਕਿ ਆਰਟੀ-ਪੀਸੀਆਰ ਤੇ ਐਂਟੀਜਨ ਟੈਸਟ ਵੀ ਕੀਤੇ ਜਾਣ। ਸੂਬੇ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ, ਪਾਜ਼ੇਟਿਵਿਟੀ ਰੇਟ ਤੇ ਕਲੱਸਟਰਾਂ ਦੀ ਵੀ ਨੇੜਿਓਂ ਨਿਗਰਾਨੀ ਕਰਨ ਤਾਂ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਨਾਲ-ਨਾਲ ਇਸ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਵੀ ਚੰਗੇ ਢੰਗ ਨਾਲ ਕੀਤੇ ਜਾ ਸਕਣ। ਉਨ੍ਹਾਂ ਸੂਬਿਆਂ ਨੂੰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਕੋਵਿਡ- 19 ਸਬੰਧੀ ਰਣਨੀਤੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ। -ਪੀਟੀਆਈ
ਭਾਰਤ ਵਿੱਚ ਇੱਕ ਦਿਨ ਵਿੱਚ 19,400 ਨਵੇਂ ਕੇਸ
ਨਵੀਂ ਦਿੱਲੀ: ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ 19,400 ਨਵੇਂ ਕੇਸ ਸਾਹਮਣੇ ਆਉਣ ਨਾਲ ਮੁਲਕ ਵਿੱਚ ਇਸ ਮਹਾਮਾਰੀ ਦੇ ਕੇਸਾਂ ਦੀ ਗਿਣਤੀ ਵਧ ਕੇ 4,41,26,994 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 49 ਨਵੀਂਆਂ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ ਵਧ ਕੇ 5,26,649 ਹੋ ਗਈ ਹੈ, ਜਿਸ ਦੌਰਾਨ ਕੇਰਲ ਵਿੱਚ 11 ਮੌਤਾਂ ਹੋਈਆਂ ਹਨ। ਕੁੱਲ ਕੇਸਾਂ ’ਚੋਂ ਐਕਟਿਵ ਕੇਸਾਂ ਦੀ ਗਿਣਤੀ 0.31 ਫ਼ੀਸਦੀ ਬਣਦੀ ਹੈ ਜਦਕਿ ਰਿਕਵਰੀ ਰੇਟ 98.50 ਫ਼ੀਸਦੀ ਦਰਜ ਕੀਤਾ ਗਿਆ ਹੈ। -ਪੀਟੀਆਈ