ਨਵੀਂ ਦਿੱਲੀ, 1 ਜਨਵਰੀ
ਕੋਵਿਡ- 19 ਦੇ ਕੇਸਾਂ ਵਿੱਚ ਸੰਭਾਵਿਤ ਵਾਧੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਰਜ਼ੀ ਹਸਪਤਾਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਘਰਾਂ ’ਚ ਇਕਾਂਤਵਾਸ ਮਰੀਜ਼ਾਂ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਬਣਾਉਣ ਲਈ ਕਿਹਾ ਹੈ। ਸਾਰੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰਾਂ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਰੇ ਸੂਬਿਆਂ ਤੇ ਯੂਟੀਜ਼ ਵਿੱਚ ਸਿਹਤ ਢਾਂਚੇ ਨੂੰ ਸਮੇਂ ਸਿਰ ਅਤੇ ਤੇਜ਼ੀ ਨਾਲ ਅਪਗਰੇਡ ਕਰਨ ’ਤੇ ਮੁੜ ਜ਼ੋਰ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਇਹ ਡੀਆਰਡੀਓ ਤੇ ਸੀਐੱਸਆਈਆਰ ਤੇ ਪ੍ਰਾਈਵੇਟ ਸੈਕਟਰ, ਕਾਰਪੋਰੇਸ਼ਨਾਂ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ।’
ਇਸ ਦੌਰਾਨ ਵੱਖਰੀ ਜਾਣਕਾਰੀ ਮੁਤਾਬਕ ਇਸ ਦੌਰਾਨ ਮਹਾਰਾਸ਼ਟਰ ਵਿੱਚ ਅੱਜ ਕਰੋਨਾ ਦੇ 9,170 ਕੇਸ ਮਿਲੇ ਹਨ ਜੋ ਇੱਕ ਦਿਨ ਪਹਿਲਾਂ ਮਿਲੇ ਕੇਸਾਂ ਨਾਲ 1,103 ਵੱਧ ਹਨ। ਮਹਾਰਸ਼ਾਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਦੱਸਿਆ ਕਿ ਸੂਬੇ ਵਿੱਚ 10 ਮੰਤਰੀਆਂ ਤੇ 20 ਵਿਧਾਇਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਬੌਲੀਵੁੱਡ ਅਦਾਕਾਰਾ ਮ੍ਰਿਨਾਲ ਠਾਕੁਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਦਿੱਲੀ ਵਿੱਚ ਕਰੋਨਾ ਦੇ ਕੁੱਲ 2,716 ਕੇਸ ਸਾਹਮਣੇ ਆਏ ਹਨ ਜੋ 21 ਮਈ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਹਨ। ਕਰਨਾਟਕ ਵਿੱਚ ਕਰੋਨਾ ਦੇ 1000 ਕੇਸ ਮਿਲੇ ਹਨ ਜਦਕਿ ਕੁੱਲ ਪੰਜ ਮੌਤਾਂ ਹੋਈਆਂ ਹਨ। ਕਰਨਾਟਕ ਦੇ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਮੰਤਰੀ ਬੀ ਸੀ ਨਾਗੇਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਕੇਰਲਾ ਵਿੱਚ ਕੁੱਲ 2,435 ਕੇਸ ਮਿਲੇ ਹਨ ਜਦਕਿ 22 ਮੌਤਾਂ ਹੋਈਆਂ ਹਨ। ਆਂਧਰਾ ਪ੍ਰਦੇਸ਼ ਵਿੱਚ ਅੱਜ ਕਰੋਨਾ ਦੇ 176 ਨਵੇਂ ਕੇਸ ਮਿਲੇ ਹਨ। -ਪੀਟੀਆਈ
ਬੱਚਿਆਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ 15 ਤੋਂ 18 ਸਾਲ ਦੇ ਬੱਚਿਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਵਾਉਣ ਲਈ ‘ਕੋਵਿਨ’ ਪੋਰਟਲ ’ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਵਿੱਚ ਇਸ ਉਮਰ ਵਰਗ ਦੇ ਬੱਚਿਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। ਮਾਂਡਵੀਆ ਨੇ ਟਵੀਟ ਕੀਤਾ, ‘‘ਨਵੇਂ ਸਾਲ ਮੌਕੇ 15 ਤੋਂ 18 ਸਾਲ ਦੇ ਉਮਰ ਵਰਗ ਦੇ ਬੱਚਿਆਂ ਨੂੰ ਕਰੋਨਾ ਰੋਕੂ ਵੈਕਸੀਨ ਲਾਉਣ ਲਈ ਅੱਜ ਤੋਂ ‘ਕੋਵਿਨ’ ਪੋਰਟਲ ’ਤੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। ਮੈਂ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕਰਦਾ ਹਾਂ।’’ ਉਪਰੋਕਤ ਉਮਰ ਵਰਗ ਦੇ ਬੱਚਿਆਂ ਦੀ ਵੈਕਸੀਨੇਸ਼ਨ ਤਿੰਨ ਜਨਵਰੀ ਤੋਂ ਸ਼ੁਰੂ ਹੋਵੇਗੀ। -ਪੀਟੀਆਈ
ਭਾਰਤ ਵਿੱਚ ਓਮੀਕਰੋਨ ਕੇਸਾਂ ਦੀ ਗਿਣਤੀ 1,431 ਹੋਈ
ਨਵੀਂ ਦਿੱਲੀ: ਭਾਰਤ ਵਿੱਚ ਅੱਜ ਓਮੀਕਰੋਨ ਦੇ 161 ਨਵੇਂ ਕੇਸ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਮੁਲਕ ਵਿੱਚ ਓਮੀਕਰੋਨ ਕੇਸਾਂ ਦੀ ਗਿਣਤੀ ਵਧ ਕੇ 1,431 ਹੋ ਗਈ ਹੈ। ਇਸ ਦੌਰਾਨ ਕੁੱਲ 23 ਸੂਬਿਆਂ ਵਿੱਚ ਇਸ ਨਵੇਂ ਵੇਰੀਐਂਟ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਦੌਰਾਨ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 454 ਕੇਸ ਮਿਲੇ ਹਨ, ਜਿਸ ਤੋਂ ਬਾਅਦ ਦਿੱਲੀ ਵਿੱਚ 351, ਕੇਰਲਾ ਵਿੱਚ 118 ਤੇ ਗੁਜਰਾਤ ਵਿੱਚ 23 ਨਵੇਂ ਕੇਸ ਮਿਲਣ ਮਗਰੋਂ ਸੂਬੇ ਵਿੱਚ ਓਮੀਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ 136 ਹੋ ਗਈ ਹੈ। ਰਾਜਸਥਾਨ ਵਿੱਚ ਓਮੀਕਰੋਨ ਦੇ 52 ਨਵੇਂ ਕੇਸ ਮਿਲਣ ਮਗਰੋਂ ਇਨ੍ਹਾਂ ਦੀ ਕੁੱਲ ਗਿਣਤੀ 121 ਹੋ ਗਈ ਹੈ। -ਪੀਟੀਆਈ