ਨਵੀਂ ਦਿੱਲੀ, 23 ਸਤੰਬਰ
ਭਾਰਤ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ’ਚ ਵਾਧਾ ਜਾਰੀ ਰਿਹਾ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 81.25 ਫੀਸਦ ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤਕ ਦੇਸ਼ ਵਿੱਚ 45,87,613 ਵਿਅਕਤੀ ਲਾਗ ਤੋਂ ਉਭਰਨ ਮਗਰੋਂ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 89,746 ਹੋਰ ਵਿਅਕਤੀਆਂ ਨੂੰ ਨੌਂ ਬਰ ਨੌਂ ਹੋਣ ਮਗਰੋਂ ਹਸਪਤਾਲਾਂ ’ਚੋਂ ਛੁੱਟੀ ਮਿਲ ਗਈ। ਪਿਛਲੇ 24 ਘੰਟਿਆਂ ਵਿੱਚ 83,347 ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 56 ਲੱਖ ਨੂੰ ਟੱਪ ਗਈ ਹੈ। ਇਸ ਦੌਰਾਨ ਇਕੋ ਦਿਨ ਵਿੱਚ 1085 ਹੋਰ ਮੌਤਾਂ ਨਾਲ ਕਰੋਨਾ ਮਹਾਮਾਰੀ ਅੱਗੇ ਦਮ ਤੋੜਨ ਵਾਲਿਆਂ ਦੀ ਕੁੱਲ ਗਿਣਤੀ 90,020 ਹੋ ਗਈ ਹੈ। ਕੋਵਿਡ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਵੀ ਡਿੱਗ ਕੇ 1.59 ਫੀਸਦ ਰਹਿ ਗਈ ਹੈ। ਕੁੱਲ ਪਾਜ਼ੇਟਿਵ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 9,68,377 ਹੈ, ਜੋ ਕਿ ਕੁੱਲ ਕੇਸ ਲੋਡ ਦਾ 17 ਫੀਸਦ ਬਣਦਾ ਹੈ। ਆਈਸੀਐੱਮਆਰ ਮੁਤਾਬਕ 22 ਸਤੰਬਰ ਤਕ 6.62 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਬੁੱਧਵਾਰ ਸਵੇਰੇ 8 ਵਜੇ ਤਕ ਰਿਪੋਰਟ ਹੋਈਆਂ 1085 ਮੌਤਾਂ ’ਚੋਂ ਮਹਾਰਾਸ਼ਟਰ ’ਚ 392, ਕਰਨਾਟਕ 83, ਉੱਤਰ ਪ੍ਰਦੇਸ਼ 77, ਤਾਮਿਲ ਨਾਡੂ 76, ਪੰਜਾਬ 66, ਪੱਛਮੀ ਬੰਗਾਲ 62, ਆਂਧਰਾ ਪ੍ਰਦੇਸ਼ 51 ਤੇ ਦਿੱਲੀ ਵਿੱਚ 37 ਵਿਅਕਤੀ ਦਮ ਤੋੜ ਗਏ। ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਹੁਣ ਤਕ 6.6 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਤੇ ਦਸ ਲੱਖ ਦੀ ਆਬਾਦੀ ਪਿੱਛੇ ਟੈਸਟਾਂ ਦੀ ਦਰ ਨੂੰ ਵਧਾ ਕੇ 48,028 ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਕੀਤੇ ਜਾਣ ਵਾਲੇ ਟੈਸਟਾਂ ਦੀ ਗਿਣਤੀ ਨੂੰ ਵਧਾ ਕੇ 12 ਲੱਖ ਕਰ ਦਿੱਤਾ ਗਿਆ ਹੈ। ਜਿਨ੍ਹਾਂ 14 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀ ਦਸ ਲੱਖ ਪਿੱਛੇ ਟੈਸਟਾਂ ਦੀ ਗਿਣਤੀ ਵਧਾਈ ਗਈ ਹੈ, ਉਨ੍ਹਾਂ ਵਿੱਚ ਗੁਜਰਾਤ, ਉੜੀਸਾ, ਪੰਜਾਬ, ਉੱਤਰਾਖੰਡ ਆਦਿ ਸ਼ਾਮਲ ਹਨ। -ਪੀਟੀਆਈ
ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਦੀ ਕਰੋਨਾ ਨਾਲ ਮੌਤ
ਨਵੀਂ ਦਿੱਲੀ: ਰੇਲ ਰਾਜ ਮੰਤਰੀ ਤੇ ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਸੁਰੇਸ਼ ਅੰਗਾੜੀ(65) ਦੀ ਅੱਜ ਕਰੋਨਾ ਕਰਕੇ ਮੌਤ ਹੋ ਗਈ। ਉਨ੍ਹਾਂ ਇਥੇ ਏਮਸ ਦੇ ਟਰੌਮਾ ਸੈਂਟਰ ਵਿੱਚ ਰਾਤ 8 ਵਜੇ ਦੇ ਕਰੀਬ ਆਖਰੀ ਸਾਹ ਲਿਆ। ਚਾਰ ਵਾਰ ਬੇਲਾਗਾਵੀ ਤੋਂ ਸੰਸਦ ਮੈਂਬਰ ਰਹੇ ਅੰਗਾੜੀ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰਨ ਵਾਲੇ ਪਹਿਲੇ ਕੇਂਦਰੀ ਵਜ਼ੀਰ ਹਨ। -ਪੀਟੀਆਈ
ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਹਸਪਤਾਲ ਦਾਖ਼ਲ
ਨਵੀਂ ਦਿੱਲੀ: ਕਰੋਨਾ ਪੀੜਤ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ(48) ਨੂੰ ਅੱਜ ਐੱਲਐੱਨਜੇਪੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਸੋਦੀਆ 14 ਸਤੰਬਰ ਨੂੰ ਟੈਸਟ ਦੌਰਾਨ ਕਰੋਨਾ ਲਈ ਪਾਜ਼ੇਟਿਵ ਨਿਕਲੇ ਸਨ ਤੇ ਉਦੋਂ ਤੋਂ ਉਹ ਘਰ ਵਿੱਚ ਹੀ ਏਕਾਂਤਵਾਸ ਸਨ। -ਪੀਟੀਆਈ