ਨਵੀਂ ਦਿੱਲੀ, 3 ਅਕਤੂਬਰ
ਦੇਸ਼ ’ਚ ਕਰੋਨਾ ਲਾਗ ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਨਿਰੰਤਰ ਵਧ ਰਹੀ ਹੈ ਤੇ ਵਿਸ਼ਵ ਪੱਧਰ ’ਤੇ ਠੀਕ ਹੋਏ 21 ਫ਼ੀਸਦੀ ਮਰੀਜ਼ਾਂ ’ਚੋਂ 18.6 ਫ਼ੀਸਦੀ ਭਾਰਤ ਦੇ ਹਨ। ਇਸ ਦੌਰਾਨ ਦੇਸ਼ ਵਿੱਚ 1,069 ਸੱਜਰੀਆਂ ਮੌਤਾਂ ਨਾਲ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਇੱਕ ਲੱਖ ਤੋਂ ਟੱਪ ਗਈ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਲੰਘੇ 24 ਘੰਟਿਆਂ ’ਚ 75,628 ਮਰੀਜ਼ ਸਿਹਤਯਾਬ ਹੋਣ ਨਾਲ ਠੀਕ ਹੋਏ ਮਰੀਜ਼ਾਂ ਦਾ ਕੁੱਲ ਅੰਕੜਾ 54,27,706 ਹੋ ਗਿਆ ਹੈ। ਇਸ ਨਾਲ ਕੌਮੀ ਸਿਹਤਯਾਬੀ ਦਰ 83.84 ਫ਼ੀਸਦੀ ਹੋ ਗਈ ਹੈ। ਦੇਸ਼ ਵਿੱਚ ਮੌਜੂਦਾ ਸਮੇਂ 9,44,996 ਸਰਗਰਮ ਕੇਸ ਹਨ, ਜੋ ਕੁੱਲ ਕੇਸਾਂ ਦੇ ਸਿਰਫ਼ 14.60 ਫ਼ੀਸਦੀ ਬਣਦੇ ਹਨ। ਲੰਘੇ 24 ਘੰਟਿਆਂ ’ਚ 79,476 ਨਵੇਂ ਕੇਸ ਵੀ ਸਾਹਮਣੇ ਹਨ ਜਿਸ ਨਾਲ ਕੇਸਾਂ ਦਾ ਕੁੱਲ ਅੰਕੜਾ 64,73,544 ਹੋ ਗਿਆ ਹੈ। ਇਸ ਸਮੇਂ ਦੌਰਾਨ ਦੇਸ਼ ਭਰ ’ਚ 1,069 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 1,00,842 ਤੱਕ ਪੁੱਜ ਗਿਆ ਹੈ।
ਰੈੱਡੀਜ਼ ਲੈਬਾਰਟਰੀਜ਼ ਨੇ ਤੀਜੇ ਪੜਾਅ ਦੇ ਪ੍ਰੀਖਣ ਲਈ ਮਨਜ਼ੂਰੀ ਮੰਗੀ: ਹੈਦਰਾਬਾਦ ਸਥਿਤ ਡਾ. ਰੈੱਡੀਜ਼ ਲੈਬਾਰਟਰੀਜ਼ ਨੇ ਕੋਵਿਡ-19 ਦੇ ਇਲਾਜ ਲਈ ਰੂਸੀ ਟੀਕੇ ਸਪੁਤਨਿਕ-5 ਦੇ ਭਾਰਤ ’ਚ ਤੀਜੇ ਗੇੜ ਦੇ ਪ੍ਰੀਖਣ ਦੀ ਮਨਜ਼ੂਰੀ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਕੋਲ ਅਪਲਾਈ ਕੀਤਾ ਹੈ।
-ਪੀਟੀਆਈ