ਨਵੀਂ ਦਿੱਲੀ, 1 ਅਗਸਤ
ਇਕੋ ਦਿਨ ਵਿਚ ਭਾਰਤ ’ਚ ਕਰੋਨਾਵਾਇਰਸ ਦੇ 57,118 ਕੇਸ ਸਾਹਮਣੇ ਆਉਣ ਨਾਲ ਨਵਾਂ ਰਿਕਾਰਡ ਬਣਿਆ ਹੈ। ਹੁਣ ਤੱਕ ਮੁਲਕ ’ਚ ਕੁੱਲ 16,95,988 ਮਾਮਲੇ ਸਾਹਮਣੇ ਆ ਚੁੱਕੇ ਹਨ। ਕਰੀਬ 10,94,374 ਮਰੀਜ਼ ਠੀਕ ਵੀ ਹੋ ਚੁੱਕੇ ਹਨ ਤੇ ਐਕਟਿਵ ਮਾਮਲੇ 5,65,103 ਹਨ। ਬੀਤੇ ਚੌਵੀ ਘੰਟਿਆਂ ਵਿਚ ਕੋਵਿਡ ਕਾਰਨ ਭਾਰਤ ’ਚ 764 ਮੌਤਾਂ ਹੋਣ ਨਾਲ ਹੁਣ ਤੱਕ ਕੁੱਲ 36,511 ਮੌਤਾਂ ਹੋ ਚੁੱਕੀਆਂ ਹਨ। ਮੁਲਕ ਦੀ ਰਿਕਵਰੀ ਦਰ 64.53 ਫ਼ੀਸਦ ਹੈ ਤੇ ਮੌਤ ਦਰ ਹੋਰ ਘੱਟ ਕੇ 2.15 ਫ਼ੀਸਦ ਰਹਿ ਗਈ ਹੈ। ਕਰੀਬ 11 ਲੱਖ ਕੇਸ ਸਿਰਫ਼ ਜੁਲਾਈ ਮਹੀਨੇ ਵਿਚ ਹੀ ਸਾਹਮਣੇ ਆਏ ਹਨ। ਪੀਟੀਆਈ ਵੱਲੋਂ ਸ਼ਨਿਚਰਵਾਰ ਸ਼ਾਮ ਤੱਕ ਹਾਸਲ ਵੇਰਵਿਆਂ ਮੁਤਾਬਕ ਕੋਵਿਡ ਦੇ ਕੇਸਾਂ ਦੀ ਗਿਣਤੀ 17 ਲੱਖ ਤੋਂ ਪਾਰ ਹੋ ਚੁੱਕੀ ਸੀ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਲਗਾਤਾਰ ਤੀਜੇ ਦਿਨ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਮੁਤਾਬਕ 31 ਜੁਲਾਈ ਨੂੰ 5,25,689 ਨਮੂਨੇ ਕੋਵਿਟ ਟੈਸਟ ਲਈ ਪਰਖ਼ੇ ਗਏ ਹਨ। ਹੁਣ ਤੱਕ ਭਾਰਤ ਵਿਚ ਕੁੱਲ 1,93,58,659 ਟੈਸਟ ਹੋ ਚੁੱਕੇ ਹਨ। ਲੰਘੇ 24 ਘੰਟਿਆਂ ਵਿਚ 265 ਮੌਤਾਂ ਮਹਾਰਾਸ਼ਟਰ ’ਚ, 97 ਤਾਮਿਲਨਾਡੂ, 84 ਕਰਨਾਟਕ, 68 ਆਂਧਰਾ ਪ੍ਰਦੇਸ਼, 45 ਪੱਛਮੀ ਬੰਗਾਲ, 43 ਯੂਪੀ, 27 ਦਿੱਲੀ ਤੇ 23 ਗੁਜਰਾਤ ਵਿਚ ਹੋਈਆਂ ਹਨ। ਜੰਮੂ ਕਸ਼ਮੀਰ ਵਿਚ 12, ਬਿਹਾਰ ਵਿਚ 14 ਤੇ ਰਾਜਸਥਾਨ ਵਿਚ 11 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਵਿਚ ਹੁਣ ਤੱਕ ਕੁੱਲ 14,994 ਮੌਤਾਂ ਵਾਇਰਸ ਕਾਰਨ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਦਿੱਲੀ, ਤਾਮਿਲਨਾਡੂ, ਗੁਜਰਾਤ, ਕਰਨਾਟਕ ਸਭ ਤੋਂ ਵੱਧ ਪ੍ਰਭਾਵਿਤ ਹਨ। ਉੱਤਰ-ਪੂਰਬੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮੌਤਾਂ ਵੀ ਹੋਈਆਂ ਹਨ। -ਪੀਟੀਆਈ