ਨਵੀਂ ਦਿੱਲੀ, 28 ਫਰਵਰੀ
ਕਰੋਨਾ ਮਹਾਮਾਰੀ ਦੀ ਚੌਥੀ ਲਹਿਰ ਭਾਰਤ ਵਿਚ 22 ਜੂਨ ਤੋਂ ਸ਼ੁਰੂ ਹੋ ਸਕਦੀ ਹੈ ਤੇ ਇਸ ਦਾ ਸਿਖ਼ਰ ਅਗਸਤ ਦੇ ਮੱਧ ਤੋਂ ਅਖੀਰ ਤੱਕ ਹੋਵੇਗਾ। ਆਈਆਈਟੀ-ਕਾਨਪੁਰ ਵੱਲੋਂ ਤਿਆਰ ਕੀਤੀ ਗਈ ਇਕ ਮਾਡਲਿੰਗ ਸਟੱਡੀ ਵਿਚ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ। ਇਸ ਸਟੱਡੀ ਦਾ ਹਾਲੇ ਵਿਸ਼ਾ ਮਾਹਿਰਾਂ ਵੱਲੋਂ ਅਧਿਐਨ ਕੀਤਾ ਜਾਣਾ ਹੈ। ਕਾਨਪੁਰ ਆਈਆਈਟੀ ਦੇ ਗਣਿਤ ਤੇ ਅੰਕੜਾ ਵਿਭਾਗ ਨੇ ਇਹ ਸਟੱਡੀ ਤਿਆਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੌਥੀ ਲਹਿਰ ਦਾ ਅਸਰ ਸੰਭਾਵੀ ਨਵੇਂ ਕਰੋਨਾਵਾਇਰਸ ਸਰੂਪ ਦੇ ਉੱਭਰਨ ਉਤੇ ਨਿਰਭਰ ਕਰੇਗਾ। ਖੋਜ ਪੱਤਰ ਵਿਚ ਦੱਸਿਆ ਗਿਆ ਹੈ ਕਿ ਚੌਥੀ ਲਹਿਰ 22 ਜੂਨ 2022 ਤੋਂ ਲੈ ਕੇ 23 ਅਗਸਤ 2022 ਤੱਕ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਭੂਮਿਕਾ ਵੀ ਅਹਿਮ ਹੋਵੇਗੀ। ਲਾਗ ਦੇ ਕੇਸਾਂ ਦੀ ਗਿਣਤੀ ਟੀਕਾਕਰਨ ਉਤੇ ਵੀ ਨਿਰਭਰ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਡਬਲਿਊਐਚਓ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਓਮੀਕਰੋਨ ਆਖ਼ਰੀ ਕੋਵਿਡ ਸਰੂਪ ਨਹੀਂ ਹੋਵੇਗਾ ਤੇ ਅਗਲਾ ਰੂਪ ਤੇਜ਼ੀ ਨਾਲ ਫੈਲਣ ਵਾਲਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਆਈਆਈਟੀ ਕਾਨਪੁਰ ਦੀ ਟੀਮ ਨੇ ਹੀ ਭਾਰਤ ਵਿਚ ਤੀਜੀ ਲਹਿਰ ਆਉਣ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਸੀ। ਤੀਜੀ ਲਹਿਰ ਤਿੰਨ ਫਰਵਰੀ, 2022 ਵਿਚ ਆਈ ਸੀ। -ਪੀਟੀਆਈ
ਦੇਸ਼ਿਵੱਚ ਕੋਵਿਡ ਦੇ 8 ਹਜ਼ਾਰ ਨਵੇਂ ਕੇਸ
ਭਾਰਤ ਵਿਚ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 8013 ਕੇਸ ਸਾਹਮਣੇ ਆਏ ਹਨ। ਇਸ ਦੌਰਾਨ 119 ਮੌਤਾਂ ਹੋਈਆਂ ਹਨ। ਦੋ ਮਹੀਨਿਆਂ ਬਾਅਦ ਕਰੋਨਾ ਦੇ ਕੇਸ ਦਸ ਹਜ਼ਾਰ ਤੋਂ ਵੀ ਘੱਟ ਰਹਿ ਗਏ ਹਨ। ਕੌਮੀ ਪੱਧਰ ਉਤੇ ਕੋਵਿਡ ਰਿਕਵਰੀ ਦਰ ਵਿਚ ਸੁਧਾਰ ਆਇਆ ਹੈ ਤੇ ਇਹ 98.56 ਪ੍ਰਤੀਸ਼ਤ ਹੈ। ਐਕਟਿਵ ਕੇਸ ਇਸ ਵੇਲੇ 1,02,601 ਹਨ। ਰੋਜ਼ਾਨਾ ਪਾਜ਼ੇਟਿਵਿਟੀ ਦਰ 1.11 ਪ੍ਰਤੀਸ਼ਤ ਹੈ। ਦੇਸ਼ ਵਿਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 177.50 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 119 ਨਵੀਆਂ ਮੌਤਾਂ ਵਿਚੋਂ 62 ਕੇਰਲਾ ਤੇ 17 ਕਰਨਾਟਕ ਵਿਚ ਹੋਈਆਂ ਹਨ। -ਪੀਟੀਆਈ