ਨਵੀਂ ਦਿੱਲੀ, 4 ਅਗਸਤ
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 42,625 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 3,17,69,132 ਹੋ ਗਈ ਹੈ ਅਤੇ ਸਰਗਰਮ ਕੇਸਾਂ ਦੀ ਗਿਣਤੀ 4,10,353 ਰਹੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਅੱਠ ਵਜੇ ਤੱਕ ਦਰਜ ਕੀਤੇ ਅੰਕੜਿਆਂ ਮੁਤਾਬਕ, ਬੀਤੇ ਇੱਕ ਦਿਨ ਵਿੱਚ ਇਸ ਮਹਾਮਾਰੀ ਕਾਰਨ 562 ਲੋਕਾਂ ਦੀ ਜਾਨ ਗਈ ਹੈ, ਜਿਸ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 4,25,757 ਹੋ ਗਿਆ ਹੈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘‘ਸਾਡੇ ਅੰਕੜਿਆਂ ਦਾ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨਾਲ ਮਿਲਾਨ ਕੀਤਾ ਗਿਆ ਹੈ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਕੁੱਲ ਮੌਤਾਂ ਵਿੱਚੋਂ 70 ਫ਼ੀਸਦੀ ਲੋਕ ਅਜਿਹੇ ਸਨ, ਜੋ ਹੋਰ ਬਿਮਾਰੀਆਂ ਤੋਂ ਪੀੜਤ ਸਨ। ਸਿਹਤ ਮੰਤਰਾਲੇ ਮੁਤਾਬਕ, ਸਿਹਤਯਾਬ ਹੋਣ ਵਾਲਿਆਂ ਦੀ ਦਰ ਵਧ ਕੇ 97.37 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 47,31,42,307 ਲੋਕਾਂ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਮੰਗਲਵਾਰ ਨੂੰ 18,47,518 ਟੈਸਟ ਕੀਤੇ ਗਏ। ਮੰਤਰਾਲੇ ਮੁਤਾਬਕ, ਰੋਜ਼ਾਨਾ ਪਾਜ਼ੇਟਿਵਿਟੀ ਦਰ 2.31 ਫ਼ੀਸਦੀ, ਜਦੋਂਕਿ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 2.36 ਫ਼ੀਸਦੀ ਦਰਜ ਕੀਤੀ ਗਈ। ਇਸ ਮਹਾਮਾਰੀ ਤੋਂ 3,09,33,022 ਲੋਕ ਉਭਰ ਚੁੱਕੇ ਹਨ। ਦੇਸ਼ ਵਿੱਚ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 48.52 ਕਰੋੜ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ। ਇਨ੍ਹਾਂ ਨਵੀਆਂ 562 ਮੌਤਾਂ ਵਿੱਚ ਮਹਾਰਾਸ਼ਟਰ ਅਤੇ ਕੇਰਲਾ ਵਿੱਚ ਹੋਈਆਂ ਕ੍ਰਮਵਾਰ 177 ਤੇ 148 ਮੌਤਾਂ ਵੀ ਸ਼ਾਮਲ ਹਨ। -ਪੀਟੀਆਈ
ਪੰਜਾਬ ਵਿੱਚ ਕਰੋਨਾ ਦੇ 62 ਨਵੇਂ ਕੇਸ
ਚੰਡੀਗੜ੍ਹ (ਟਨਸ): ਪੰਜਾਬ ਵਾਸੀਆਂ ਲਈ ਅੱਜ ਦਾ ਦਿਨ ਰਾਹਤ ਭਰਿਆ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ। ਸਿਹਤ ਵਿਭਾਗ ਅਨੁਸਾਰ, ਪੰਜਾਬ ਵਿੱਚ 62 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 52 ਨੂੰ ਠੀਕ ਹੋਣ ਮਗਰੋਂ ਛੁੱਟੀ ਕਰ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 473 ਕੇਸ ਸਰਗਰਮ ਹਨ। ਦੂਜੇ ਪਾਸੇ, ਹਰਿਆਣਾ ਵਿੱਚ ਕਰੋਨਾ ਕਾਰਨ 3 ਮੌਤਾਂ ਹੋਈਆਂ ਹਨ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 9,644 ’ਤੇ ਪਹੁੰਚ ਗਿਆ ਹੈ। 24 ਘੰਟਿਆਂ ਵਿੱਚ 27 ਨਵੇਂ ਕੇਸ ਸਾਹਮਣੇ ਆਏ ਹਨ ਅਤੇ 20 ਨੂੰ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 712 ਕੇਸ ਸਰਗਰਮ ਹਨ। ਸਿਹਤ ਵਿਭਾਗ ਅਨੁਸਾਰ ਅੱਜ ਹਿਸਾਰ, ਝੱਜਰ ਅਤੇ ਫਤਿਆਬਾਦ ਜ਼ਿਲ੍ਹਿਆਂ ਵਿੱਚ ਕ੍ਰਮਵਾਰ ਇਕ-ਇਕ ਮੌਤ ਹੋਈ ਹੈ।