ਨਵੀਂ ਦਿੱਲੀ, 26 ਅਗਸਤ
ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਮਹਾਮਾਰੀ ਪ੍ਰਬੰਧਨ ’ਚ ਸਤੰਬਰ ਅਤੇ ਅਕਤੂਬਰ ਮਹੀਨੇ ਅਹਿਮ ਹੋਣਗੇ ਅਤੇ ਨਾਲ ਤਿਉਹਾਰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਨਾਲ ਮਨਾਉਣ ਦੀ ਸਲਾਹ ਦਿੱਤੀ ਹੈ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੁਹਰਾਇਆ ਕਿ ਦੇਸ਼ ਹਾਲੇ ਕਰੋਨਾ ਦੀ ਦੂਜੀ ਲਹਿਰ ਵਿੱਚੋਂ ਲੰਘ ਰਿਹਾ ਹੈ। ਇਸੇ ਦੌਰਾਨ ਵੀਰਵਾਰ ਨੂੰ ਕੇਰਲਾ ’ਚ 30,007 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਅਤੇ ਸੂਬੇ ’ਚ ਲਾਗ ਕਾਰਨ 162 ਹੋਰ ਮੌਤਾਂ ਵੀ ਹੋਈਆਂ ਹਨ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਵੈਕਸੀਨਾਂ ਸਿਰਫ਼ ਰੋਗ ਨੂੰ ਸੁਧਾਰ ਰਹੀਆਂ ਹਨ, ਇਸ ਨੂੰ ਖਤਮ ਨਹੀਂ ਕਰ ਰਹੀਆਂ। ਇਸ ਲਈ ਟੀਕਾਕਰਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਜਾਰੀ ਰੱਖਣੀ ਬੇਹੱਦ ਅਹਿਮ ਹੈ। ਭੂਸ਼ਣ ਨੇ ਕਿਹਾ, ‘ਅਸੀਂ ਦੇਸ਼ ’ਚ ਹਾਲੇ ਵੀ ਕਰੋਨਾ ਲਾਗ ਦੀ ਦੂਜੀ ਲਹਿਰ ਵਿੱਚੋਂ ਲੰਘ ਰਹੇ ਹਾਂ। ਦੂਜੀ ਲਹਿਰ ਹਾਲੇ ਖਤਮ ਨਹੀ ਹੋਈ ਅਤੇ ਇਸ ਲਈ ਸਾਨੂੰ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਰਹਿਣਾ ਚਾਹੀਦਾ ਹੈ, ਖਾਸਕਰ ਹਰੇਕ ਤਿਉਹਾਰ ਮਗਰੋਂ ਇਸ ਦੇ ਵਧਣ ਦੇ ਤਜਰਬੇ ਨੂੰ ਧਿਆਨ ਰੱਖਦੇ ਹੋਏ।’ ਉਨ੍ਹਾਂ ਕਿਹਾ, ‘ਅਗਾਮੀ ਸਤੰਬਰ ਤੇ ਅਕਤੂਬਰ ਮਹੀਨੇ ਸਾਡੇ ਲਈ ਬੇਹੱਦ ਅਹਿਮ ਹਨ, ਕਿਉਂਕਿ ਅਸੀਂ ਨਵੇਂ ਤਿਉਹਾਰ ਮਨਾਉਣ ਜਾ ਰਹੇ ਹਾਂ। ਇਸ ਕਰਕੇ ਤਿਉਹਾਰ ਕਰੋਨਾ ਤੋਂ ਬਚਾਅ ਦੀਆਂ ਸਾਵਧਾਨੀਆਂ ਨੂੰ ਧਿਆਨ ’ਚ ਰੱਖਦਿਆਂ ਮਨਾਉਣੇ ਚਾਹੀਦੇ ਹਨ।’
ਇਸੇ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਸੂਬਿਆਂ ਅਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਨੂੰ ਕਰੋਨਾ ਵੈਕਸੀਨ ਦੀਆਂ 58.76 ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸੇ ਦੌਰਾਨ ਕੇਂਦਰ ਨੇ ਕੇਰਲਾ ਅਤੇ ਮਹਾਰਾਸ਼ਟਰ ਨੂੰ ‘ਸੰਪਰਕ, ਟਰੈਕ ਅਤੇ ਟੀਕਕਰਨ’ ਰਾਹੀਂ ਕਰੋਨਾ ਲਾਗ ਦਾ ਫੈਲਾਅ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। -ਪੀਟੀਆਈ
ਦੇਸ਼ ’ਚ 46,164 ਨਵੇਂ ਕੇਸ, 607 ਮੌਤਾਂ
ਨਵੀ ਦਿੱਲੀ: ਭਾਰਤ ’ਚ ਅੱਜ ਕਰੋਨਾ ਲਾਗ ਦੇ 46,164 ਨਵੇਂ ਕੇਸ ਮਿਲਣ ਨਾਲ ਕੇਸਾਂ ਦਾ ਕੁੱਲ ਅੰਕੜਾ ਵਧ ਕੇ 3,25,58,530 ਹੋ ਗਿਆ ਹੈ। ਬੁੱਧਵਾਰ ਦੇ ਮੁਕਾਬਲੇ ਅੱਜ 11,398 ਵੱਧ ਕੇਸ ਦਰਜ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 3,33,725 ਹੋ ਗਈ ਹੈ। ਇਹ ਕੁੱਲ ਕੇਸਾਂ ਦਾ 1.03 ਫ਼ੀਸਦੀ ਬਣਦੇ ਹਨ। ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ 607 ਹੋਰ ਮੌਤਾਂ ਹੋਣ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ 4,36,365 ਹੋ ਗਿਆ ਹੈ। ਕਰੋਨਾ ਸਿਹਤਯਾਬੀ ਦਰ 97.63 ਫ਼ੀਸਦੀ ਦਰਜ ਹੋਈ ਹੈ। ਸਭ ਤੋਂ ਵੱਧ 1,81,209 ਸਰਗਰਮ ਕੇਸ ਕੇਰਲਾ ਵਿੱਚ ਹਨ।
ਕਰੋਨਾ ਕਾਰਨ ਪੰਜਾਬ ਵਿੱਚ ਦੋ ਤੇ ਹਰਿਆਣਾ ’ਚ ਇਕ ਮੌਤ
ਚੰਡੀਗੜ੍ਹ (ਟਨਸ): ਕਰੋਨਾ ਕਾਰਨ ਪੰਜਾਬ ’ਚ ਦੋ ਅਤੇ ਹਰਿਆਣਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16,362 ਅਤੇ ਹਰਿਆਣਾ ਵਿੱਚ 9671 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ 42 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਸੂਬੇ ਵਿੱਚ 407 ਸਰਗਰਮ ਕੇਸ ਹਨ। ਅੱਜ ਕਪੂਰਥਲਾ ਤੇ ਲੁਧਿਆਣਾ ’ਚ ਕਰੋਨਾ ਕਾਰਨ ਇਕ-ਇਕ ਜਣੇ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 16 ਨਵੇਂ ਕੇਸ ਸਾਹਮਣੇ ਆਏ ਹਨ।