ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 25 ਮਈ
ਹਿਮਾਚਲ ਪ੍ਰਦੇਸ਼ ਵਿੱਚ ਕਰੋਨਾ ਕਾਰਨ 38 ਫੀਸਦ ਮੌਤਾਂ ਮਰੀਜ਼ਾਂ ਦੇ ਹਸਪਤਾਲ ਪਹੁੰਚਣ ਦੇ 24 ਘੰਟਿਆਂ ਦਰਮਿਆਨ ਹੀ ਹੋ ਜਾਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮਰੀਜ਼ਾਂ ਵੱਲੋਂ ਕੋਵਿਡ ਤੋਂ ਨਿਜਾਤ ਪਾਉਣ ਲਈ ਸਮੇਂ ਸਿਰ ਮੈਡੀਕਲ ਸਹਾਇਤਾ ਨਹੀਂ ਲਈ ਜਾਂਦੀ ਹੈ। ਸੂਬੇ ਵਿੱਚ 23 ਮਈ ਤੱਕ ਕਰੋਨਾ ਕਾਰਨ 2752 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 50 ਫੀਸਦ ਮਰੀਜ਼ਾਂ ਦੀਆਂ ਮੌਤਾਂ ਘਰ ਵਿੱਚ ਹੀ ਹੋਈਆਂ ਹਨ ਜਾਂ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੇ ਦਮ ਤੋੜ ਦਿੱਤਾ ਅਤੇ ਜਿਹੜੇ ਮਰੀਜ਼ ਹਸਪਤਾਲ ਦਾਖਲ ਕਰਵਾਏ ਗਏ ਉਨ੍ਹਾਂ ਵਿੱਚੋਂ 38 ਫੀਸਦ ਮਰੀਜ਼ਾਂ ਨੇ 24 ਘੰਟਿਆਂ ਵਿੱਚ ਹੀ ਦਮ ਤੋੜ ਦਿੱਤਾ। ਇਸ ਸਬੰਧ ਵਿੱਚ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਕਿ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਕਾਰਨ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ।