ਨਵੀਂ ਦਿੱਲੀ, 5 ਦਸੰਬਰ
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 8895 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਜਿੱਥੇ ਕਰੋਨਾ ਦੀ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,46,33,255 ਹੋ ਗਈ ਹੈ, ਉਥੇ ਬਿਹਾਰ ਵਿੱਚ ਅੰਕੜਿਆਂ ਦਾ ਨਵੇਂ ਸਿਰੇ ਤੋਂ ਮਿਲਾਣ ਕਿਤੇ ਜਾਣ ਕਰਕੇ ਦੇਸ਼ ਵਿੱਚ ਇਕ ਦਿਨ ਵਿੱਚ ਕੋਵਿਡ-19 ਲਾਗ ਕਰਕੇ ਹੋਣ ਵਾਲੀਆਂ ਮੌਤਾਂ ਦੇ 2,796 ਕੇਸਾਂ ਦਾ ਪਤਾ ਲੱਗਾ ਹੈ, ਜਿਸ ਕਰਕੇ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4,73,326 ਹੋ ਗਈ ਹੈ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਭਾਰਤ ਵਿੱਚ ਇਕ ਦਿਨ ਵਿੱਚ ਕਰੋਨਾ ਕਰਕੇ 3998 ਮੌਤਾਂ ਰਿਪੋਰਟ ਹੋਈਆਂ ਸਨ। ਮੰਤਰਾਲੇ ਨੇ ਦੱਸਿਆ ਕਿ ਮੌਤਾਂ ਦੇ 2796 ਮਾਮਲਿਆਂ ਵਿੱਚ ਬਿਹਾਰ ਦੇ 2426 ਮਾਮਲੇ ਵੀ ਜੋੜੇ ਗਏ ਹਨ, ਜਿਨ੍ਹਾਂ ਨੂੰ ਅੱਜ (ਐਤਵਾਰ) ਜਾਰੀ ਅੰਕੜਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇਰਲ ਵਿੱਚ ਮੌਤਾਂ ਦੇ ਪਿਛਲੇ 263 ਮਾਮਲਿਆਂ ਨੂੰ ਵੀ ਇਸ ਵਿੱਚ ਜੋੜਿਆ ਗਿਆ ਹੈ, ਜਿਸ ਕਰਕੇ ਦੇਸ਼ ਭਰ ਵਿੱਚ ਹੋਈਆਂ ਮੌਤਾਂ ਦਾ ਅੰਕੜਾ ਵਧ ਗਿਆ ਹੈ। -ਪੀਟੀਆਈ