ਨਵੀਂ ਦਿੱਲੀ, 30 ਜੂਨ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਵਿਚਕਾਰ ਬਿਨ੍ਹਾਂ ਅੜਿੱਕੇ ਦੇ ਤਾਲਮੇਲ ਜ਼ਰੂਰੀ ਹੈ। ਡੋਵਾਲ ਨੇ ਮਲਟੀ ਏਜੰਸੀ ਮੈਰੀਟਾਈਮ ਸਕਿਉਰਿਟੀ ਗਰੁੱਪ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੁੰਦਰੀ ਸੁਰੱਖਿਆ ਤੰਤਰ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਅਤੇ ਹੋਰ ਧਿਰਾਂ ਨੂੰ ਭਾਰਤ ਦੀ ਪ੍ਰਗਤੀ ਅਤੇ ਵਿਕਾਸ ਦੇ ਸਮੁੱਚੇ ਨਜ਼ਰੀਏ ਨਾਲ ਆਪਸੀ ਤਾਲਮੇਲ ਸਥਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲਦੇ ਹਾਲਾਤ ਤੇ ਚੁਣੌਤੀਪੂਰਨ ਮਾਹੌਲ ’ਚ ਸਮੁੰਦਰੀ ਖੇਤਰ ਦੀ ਸੁਰੱਖਿਆ ’ਤੇ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭੂ-ਸਿਆਸੀ ਘਟਨਾਕ੍ਰਮ ਤਹਿਤ ਸਮੁੰਦਰੀ ਸੁਰੱਖਿਆ ਵਧੇਰੇ ਅਹਿਮ ਹੋ ਗਈ ਹੈ। ਉਨ੍ਹਾਂ 26/11 ਮੁੰਬਈ ਹਮਲੇ ਦਾ ਜ਼ਿਕਰ ਵੀ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕੌਮੀ ਸਮੁੰਦਰੀ ਸੁਰੱਖਿਆ ਕੋਆਰਡੀਨੇਟਰ ਵਾਈਸ ਐਡਮਿਰਲ ਜੀ ਅਸ਼ੋਕ ਕੁਮਾਰ ਨੇ ਕੀਤੀ। ਅਸ਼ੋਕ ਕੁਮਾਰ ਨੇ ਇਹ ਅਹੁਦਾ 16 ਫਰਵਰੀ ਨੂੰ ਸੰਭਾਲਿਆ ਸੀ। ਮੀਟਿੰਗ ’ਚ ਕੇਂਦਰ ਸਰਕਾਰ ਦੇ ਪ੍ਰਮੁੱਖ ਮੰਤਰਾਲਿਆਂ, ਏਜੰਸੀਆਂ ਤੇ ਸਮੁੰਦਰੀ ਮਾਮਲਿਆਂ ਨਾਲ ਸਿੱਝਣ ਵਾਲੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ’ਚ 13 ਸਾਹਿਲੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਮੁੰਦਰੀ ਸੁਰੱਖਿਆ ਕੋਆਰਡੀਨੇਟਰਾਂ ਨੇ ਵੀ ਹਾਜ਼ਰੀ ਭਰੀ। -ਪੀਟੀਆਈ