ਨਵੀਂ ਦਿੱਲੀ , 3 ਦਸੰਬਰ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਾਅਲੀ ਕਰੰਸੀ ਦੀ ਰੋਕਥਾਮ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਕੌਮੀ ਪੱਧਰ ਉੱਤੇ ਤਾਲਮੇਲ ਜ਼ਰੂਰੀ ਹੈ। ਉਹ ਇੰਡੀਅਨ ਪੁਲੀਸ ਸਰਵਿਸ ਦੇ 2020 ਬੈਚ ਦੇ 122 ਪ੍ਰੋਬੇਸ਼ਨਰੀ ਅਧਿਕਾਰੀਆਂ ਨੂੰ ਇਥੇ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਾਹ ਨੇ ਪ੍ਰੋਬੇਸ਼ਨਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਸ਼ ਦੀ ਅੰਦਰੂਨੀ ਸੁਰੱਖਿਆ ਉੱਤੇ ਧਿਆਨ ਕੇਂਦਰਿਤ ਕਰਨ ਕਿਉਂਕਿ ਦੇਸ਼ ਦੇ ਸੰਵਿਧਾਨ ਨੇ ਉਨ੍ਹਾਂ ਉੱਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪੁਲੀਸ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਫੋਰਸ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਕਾਰਨ ਲੋਕਾਂ ਨੇ ਪੁਲੀਸ ਬਾਰੇ ਚੰਗੇ ਵਿਚਾਰ ਧਾਰੇ ਹਨ ਤੇ ਲੋਕਾਂ ਦੇ ਇਸ ਭਰੋਸੇ ਨੂੰ ਭਵਿੱਖ ਵਿੱਚ ਵੀ ਕਾਇਮ ਰੱਖਣ ਦੀ ਲੋੜ ਹੈ। -ਪੀਟੀਆਈ